ਰਾਹੁਲ ਦੇ ਕਰੀਬੀ ਕ੍ਰਿਸ਼ਨਾ ਦੀ ਪੰਜਾਬ ਕਾਂਗਰਸ ਦੇ ਕਲੇਸ਼ ਦਰਮਿਆਨ ਕਾਂਗਰਸ ਪੰਜਾਬ ‘ਚ ਐਂਟਰੀ

by vikramsehajpal

ਦਿੱਲੀ (ਦੇਵ ਇੰਦਰਜੀਤ) : ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਕਾਂਗਰਸ 'ਚ ਚੱਲ ਰਹੇ ਕਲੇਸ਼ ਨੂੰ ਹੱਲ ਕਰਨ ਦੀ ਕਮਾਨ ਹਾਈਕਮਾਨ ਨੇ ਸਿੱਧਾ ਆਪਣੇ ਹੱਥਾਂ 'ਚ ਲੈ ਲਈ ਹੈ। ਇਸ ਦੇ ਤਹਿਤ ਰਾਹੁਲ ਗਾਂਧੀ ਦੇ ਕਰੀਬੀ ਹਰੀਸ਼ ਚੌਧਰੀ ਤੋਂ ਬਾਅਦ ਕ੍ਰਿਸ਼ਨਾ ਨੇ ਵੀ ਚੰਡੀਗੜ੍ਹ 'ਚ ਡੇਰਾ ਲਾ ਲਿਆ ਹੈ।

ਇੱਥੇ ਦੱਸਣਾ ਉਚਿਤ ਹੋਵੇਗਾ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਤੌਰ 'ਤੇ ਚਰਨਜੀਤ ਸਿੰਘ ਚੰਨੀ ਦੀ ਨਿਯੁਕਤੀ ਤੋਂ ਇਲਾਵਾ ਨਵੇਂ ਮੰਤਰੀਆਂ ਦੇ ਨਾਮ ਅਤੇ ਵਿਭਾਗ ਫਾਈਨਲ ਕਰਨ 'ਚ ਹਰੀਸ਼ ਚੌਧਰੀ ਨੇ ਅਹਿਮ ਭੂਮਿਕਾ ਨਿਭਾਈ ਹੈ।

ਨਵਜੋਤ ਸਿੰਘ ਸਿੱਧੂ ਵੱਲੋਂ ਡੀ. ਜੀ. ਪੀ. ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਦੇ ਵਿਰੋਧ 'ਚ ਅਸਤੀਫ਼ਾ ਦੇਣ ਦੇ ਮਾਮਲੇ 'ਚ ਚੰਨੀ ਨਾਲ ਮੀਟਿੰਗ ਕਰਵਾਉਣ ਦੀ ਜ਼ਿੰਮੇਵਾਰੀ ਵੀ ਚੌਧਰੀ ਨੂੰ ਦਿੱਤੀ ਗਈ ਸੀ।

ਹੁਣ ਕੈਪਟਨ ਵੱਲੋਂ ਵੱਖਰੀ ਪਾਰਟੀ ਬਣਾਉਣ ਦੀ ਚਰਚਾ ਦੌਰਾਨ ਅਸੰਤੁਸ਼ਟ ਕਾਂਗਰਸੀ ਆਗੂਆਂ ਨੂੰ ਮਨਾਉਣ ਲਈ ਚੌਧਰੀ ਕਈ ਦਿਨਾਂ ਤੋਂ ਚੰਡੀਗੜ੍ਹ 'ਚ ਮੌਜੂਦ ਹਨ।

ਮਨਪ੍ਰੀਤ ਬਾਦਲ ਨਾਲ ਮੁਲਾਕਾਤ ਤੋਂ ਇਲਾਵਾ ਚੰਨੀ ਨਾਲ ਬਲਬੀਰ ਸਿੱਧੂ ਦੇ ਘਰ ਜਾਣ ਦੀ ਤਸਵੀਰ ਸਾਹਮਣੇ ਆ ਚੁੱਕੀ ਹੈ। ਇਸ ਦੌਰਾਨ ਮੰਤਰੀ ਅਹੁਦੇ ਤੋਂ ਹਟਾਏ ਗਏ ਗੁਰਪ੍ਰੀਤ ਕਾਂਗੜ ਵੱਲੋਂ ਫੇਸਬੁੱਕ 'ਤੇ ਇਕ ਤਸਵੀਰ ਸਾਂਝੀ ਕੀਤੀ ਗਈ ਹੈ। ਇਸ 'ਚ ਮਨਪ੍ਰੀਤ ਦੇ ਘਰ ਚੱਲ ਰਹੀ ਮੀਟਿੰਗ ਦੌਰਾਨ ਹਰੀਸ਼ ਚੌਧਰੀ, ਭਾਰਤ ਭੂਸ਼ਣ ਆਸ਼ੂ, ਵਿਜੇ ਇੰਦਰ ਸਿੰਗਲਾ, ਸੰਦੀਪ ਸੰਧੂ ਦੇ ਨਾਲ ਰਾਹੁਲ ਦੇ ਕਰੀਬ ਕ੍ਰਿਸ਼ਨਾ ਵੀ ਬੈਠੇ ਨਜ਼ਰ ਆ ਰਹੇ ਹਨ।

ਪੰਜਾਬ ਕਾਂਗਰਸ 'ਚ ਚੱਲ ਰਹੇ ਘਟਨਾਕ੍ਰਮ 'ਤੇ ਰਾਹੁਲ ਦੀ ਪੈਨੀ ਨਜ਼ਰ ਹੈ ਅਤੇ ਉਨ੍ਹਾਂ ਨੇ ਨਾਰਾਜ਼ ਵਿਧਾਇਕਾਂ ਨੂੰ ਕਿਸੇ ਵੀ ਕੀਮਤ 'ਤੇ ਕੈਪਟਨ ਨਾਲ ਜਾਣ ਤੋਂ ਰੋਕਣ ਲਈ ਆਪਣੇ ਕਮਾਂਡਰਾਂ ਨੂੰ ਮੈਦਾਨ 'ਚ ਉਤਾਰ ਦਿੱਤਾ ਹੈ।