ਕੇਜਰੀਵਾਲ ਦੇ ਮਗਰ ਅੰਮ੍ਰਿਤਸਰ ਪੁੱਜੇ ਰਾਜਾ ਵੜਿੰਗ, ਕਿਹਾ-ਜੇ ਬਾਦਲਾਂ ਦੀਆਂ ਬੱਸਾਂ ਦਿੱਲੀ ਅੱਡੇ ‘ਤੇ ਜਾ ਸਕਦੀਆਂ ਨੇ ਤਾਂ ਸਰਕਾਰੀ ‘ਤੇ ਰੋਕ ਕਿਉਂ

by jaskamal

ਨਿਊਜ਼ ਡੈਸਕ (ਜਸਕਮਲ) : ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਨ੍ਹਾਂ ਨੇ ਕੱਲ੍ਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਧਰਨਾ ਲਗਾਇਆ ਸੀ, ਅੱਜ ਉਨ੍ਹਾਂ ਨੂੰ ਮਿਲਣ ਅੰਮ੍ਰਿਤਸਰ ਪਹੁੰਚ ਗਏ। ਸਥਾਨਕ ਪੰਜ ਤਾਰਾ ਹੋਟਲ ਜਿਥੇ ਕਿ ਕੇਜਰੀਵਾਲ ਠਹਿਰੇ ਸਨ, ਵਿਖੇ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਮੀਡੀਆ ਸਾਹਮਣੇ ਮਿਲਣ ਦੀ ਮੰਗ ਰੱਖੀ ਤੇ ਕਈ ਘੰਟੇ ਬਾਹਰ ਉਡੀਕ ਕਰਦੇ ਰਹੇ। ਜਦੋਂ ਕੇਜਰੀਵਾਲ ਆਪਣੇ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਨਿਕਲੇ ਤਾਂ ਰਾਜਾ ਵੜਿੰਗ ਨੇ ਕੇਜਰੀਵਾਲ ਨੂੰ ਘੇਰਦੇ ਹੋਏ ਕਿਹਾ ਕਿ ਉਹ ਇੰਡੋ ਕੈਨੇਡੀਅਨ ਬੱਸਾਂ ਨੂੰ ਦਿੱਲੀ ਭਰ ’ਚ ਚੱਲਣ ਦੀ ਇਜਾਜ਼ਤ ਦੇਣ ਤੇ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਨੂੰ ਰੋਕੇ ਜਾਣ ਬਾਰੇ ਸਥਿਤੀ ਸਪੱਸ਼ਟ ਕਰਨ।

ਵੜਿੰਗ ਨੇ ਕਿਹਾ ਕਿ ਸਟੇਟ ਟਰਾਂਸਪੋਰਟ ਅੰਡਰਟੇਕਿੰਗ (ਐਸ.ਟੀ.ਯੂ.) ਦੀਆਂ ਵਾਲਵੋ ਬੱਸਾਂ ਨੂੰ ਤਾਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੱਕ ਜਾਣ ਤੋਂ ਰੋਕਿਆ ਹੋਇਆ ਹੈ ਜਦ ਕਿ ਅਸੀਂ ਕੇਵਲ 1200 ਰੁਪਏ ਕਿਰਾਇਆ ਲੈਂਦੇ ਹਾਂ, ਪਰ ਇਸ ਦੇ ਉਲਟ ਪ੍ਰਾਈਵੇਟ ਬੱਸਾਂ ਨੂੰ ਹਰ ਤਰ੍ਹਾਂ ਦੀ ਇਜਾਜ਼ਤ ਦਿੱਤੀ ਹੋਈ ਹੈ ਅਤੇ ਉਹ 3000 ਤੋਂ 3500 ਰੁਪਏ ਵਸੂਲ ਕਰ ਕੇ ਸਾਡੇ ਲੋਕਾਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ ਕੇਜਰੀਵਾਲ ਨੇ ਸਾਰੀ ਗੱਲਬਾਤ ਸੁਣ ਕੇ ਸ੍ਰੀ ਵੜਿੰਗ ਨੂੰ ਅਗਲੇ ਹਫ਼ਤੇ ਤੱਕ ਸਮਾਂ ਦੇਣ ਦੀ ਹਾਮੀ ਭਰੀ।