ਮਾਨ ਸਰਕਾਰ ਦੇ 50 ਦਿਨ ਪੂਰੇ ਹੋਣ ‘ਤੇ ਰਾਜਾ ਵੜਿੰਗ ਦਾ ਬਿਆਨ, “ਹਾਲੇ ਤਾਂ ਸਿਰਫ ਐਲਾਨ ਹੀ ਹਨ”

by jaskamal

ਨਿਊਜ਼ ਡੈਸਕ : ਨਾਭਾ ਵਿਖੇ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ 'ਤੇ ਸ਼ਿਰਕਤ ਕੀਤੀ ਗਈ। 50 ਦਿਨ ਭਗਵੰਤ ਮਾਨ ਦੀ ਸਰਕਾਰ ਦੇ ਪੂਰੇ ਹੋਣ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਮੈਂ ਅਜੇ ਨੰਬਰ ਨਹੀਂ ਦਿੰਦਾ ਅਤੇ ਇਕ ਮਹੀਨੇ ਤੋਂ ਬਾਅਦ ਇਹ ਨੰਬਰ ਦੇਣੇ ਸ਼ੁਰੂ ਕਰਾਂਗਾ। ਭਗਵੰਤ ਮਾਨ ਵੱਲੋਂ 50 ਦਿਨਾਂ ਤੋਂ ਬਾਅਦ ਨੌਕਰੀਆਂ ਦਾ ਐਲਾਨ ਕਰਨ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਅਜੇ ਤੱਕ ਤਾਂ ਸਾਰੇ ਐਲਾਨ ਹੀ ਹਨ, ਭਾਵੇਂ ਬਿਜਲੀ ਦਾ ਐਲਾਨ ਹੋਵੇ, ਭਾਵੇਂ ਘਰ-ਘਰ ਰਾਸ਼ਨ ਪਹੁੰਚਾਉਣ ਦਾ ਪਰ ਇਨ੍ਹਾਂ ਵੱਲੋਂ ਐਲਾਨ ਹੀ ਕੀਤੇ ਗਏ ਹਨ, ਕੋਈ ਵੀ ਵਾਅਦਾ ਅਜੇ ਪੂਰਾ ਨਹੀਂ ਕੀਤਾ ਗਿਆ।

ਵੜਿੰਗ ਨੇ ਮਾਨ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਇਕ ਮਹੀਨਾ ਅਜੇ ਹੋਰ ਲੈ ਲਓ ਪਰ ਜੋ ਉਨ੍ਹਾਂ ਵੱਲੋਂ ਐਲਾਨ ਕੀਤੇ ਜਾ ਰਹੇ ਹਨ, ਵਾਰ-ਵਾਰ ਕੀਤੇ ਜਾ ਰਹੇ ਹਨ। ਵੜਿੰਗ ਨੇ ਕਿਹਾ ਕਿ ਭਗਵੰਤ ਮਾਨ ਕਹਿ ਰਹੇ ਹਨ ਕਿ ਕੋਲੇ ਦੀ ਖਾਣ ਵਾਲਾ ਕੇਸ ਅਸੀਂ ਜਿੱਤਿਆ ਹੈ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਕੇਸ ਸੀ. ਐੱਮ. ਜਦੋਂ ਚਰਨਜੀਤ ਸਿੰਘ ਚੰਨੀ ਸੀ, ਉਦੋਂ ਹੀ ਜਿੱਤ ਲਿਆ ਸੀ। ਉਸ ਵਕਤ ਕਾਂਗਰਸ ਪਾਰਟੀ ਨੇ ਇਹ ਲੜਾਈ ਲੜੀ ਸੀ ਪਰ ਹੁਣ ਭਗਵੰਤ ਮਾਨ ਕਹਿ ਰਹੇ ਹਨ ਕਿ ਉਹ ਕੇਸ ਉਨ੍ਹਾਂ ਨੇ ਜਿੱਤਿਆ ਹੈ।