ਅਜਮੇਰ (ਪਾਇਲ): ਸ਼ੁੱਕਰਵਾਰ ਨੂੰ ਅਜਮੇਰ ਜ਼ਿਲੇ ਦੇ ਕਿਸ਼ਨਗੜ੍ਹ ਇਲਾਕੇ 'ਚ ਅਰਾਈ ਹਾਈਵੇਅ 'ਤੇ ਟੋਲ ਪਲਾਜ਼ਾ 'ਤੇ ਇਕ ਬੇਕਾਬੂ ਟੈਂਕਰ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟੋਲ ਬੂਥ ਦਾ ਕੈਬਿਨ ਪੂਰੀ ਤਰ੍ਹਾਂ ਉਖੜ ਗਿਆ ਅਤੇ ਉਥੇ ਬੈਠੇ ਦੋ ਕਰਮਚਾਰੀ ਜ਼ਖਮੀ ਹੋ ਗਏ। ਹਾਦਸੇ ਦੀ ਵੀਡੀਓ ਟੋਲ ਪਲਾਜ਼ਾ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ, ਜਿਸ 'ਚ ਪੂਰੀ ਘਟਨਾ ਸਾਫ ਦਿਖਾਈ ਦੇ ਰਹੀ ਹੈ।
ਸੀਸੀਟੀਵੀ ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਹਾਈਵੇ 'ਤੇ ਟੈਂਕਰ ਤੇਜ਼ ਰਫ਼ਤਾਰ ਨਾਲ ਆਉਂਦਾ ਹੈ ਅਤੇ ਬੈਰੀਅਰ ਨੇੜੇ ਰੁਕਣ ਦੀ ਕੋਸ਼ਿਸ਼ ਕਰਦਾ ਹੈ ਪਰ ਤੇਜ਼ ਰਫ਼ਤਾਰ ਕਾਰਨ ਸਿੱਧਾ ਬੂਥ ਨਾਲ ਜਾ ਟਕਰਾਉਂਦਾ ਹੈ। ਟੱਕਰ ਤੋਂ ਬਾਅਦ ਬੂਥ ਦਾ ਸਮਾਨ ਚਕਨਾਚੂਰ ਹੋ ਗਿਆ ਅਤੇ ਕਰਮਚਾਰੀ ਹੇਠਾਂ ਡਿੱਗ ਪਏ। ਆਸ-ਪਾਸ ਮੌਜੂਦ ਲੋਕ ਰੌਲਾ ਅਤੇ ਆਵਾਜ਼ ਸੁਣ ਕੇ ਕੁਝ ਦੇਰ ਲਈ ਹੱਕੇ-ਬੱਕੇ ਰਹਿ ਗਏ।
ਹਾਦਸੇ ਤੋਂ ਤੁਰੰਤ ਬਾਅਦ, ਟੈਂਕਰ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਮੌਜੂਦ ਲੋਕਾਂ ਨੇ ਰੌਲਾ ਪਾ ਕੇ ਪੁਲਿਸ ਨੂੰ ਸੂਚਿਤ ਕੀਤਾ। ਜਾਂਚ ਵਿੱਚ ਪਤਾ ਲੱਗਾ ਕਿ ਡਰਾਈਵਰ ਸ਼ਰਾਬੀ ਸੀ ਅਤੇ ਉਸਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ। ਪੁਲਿਸ ਨੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਟੈਂਕਰ ਨੂੰ ਜ਼ਬਤ ਕਰ ਲਿਆ।
ਹਾਦਸੇ ਵਿੱਚ ਜ਼ਖਮੀ ਹੋਏ ਦੋਵੇਂ ਟੋਲ ਕਰਮਚਾਰੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਇਸ ਵੇਲੇ ਸਥਿਰ ਹੈ। ਟੋਲ ਕੰਪਨੀ ਨੇ ਘਟਨਾ ਦੀ ਪੂਰੀ ਰਿਪੋਰਟ ਮੰਗੀ ਹੈ ਅਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਾਈਵੇਅ 'ਤੇ ਅਕਸਰ ਹੀ ਟਰੱਕ ਅਤੇ ਟੈਂਕਰ ਨਿਰਧਾਰਤ ਸੀਮਾ ਤੋਂ ਵੱਧ ਰਫ਼ਤਾਰ 'ਤੇ ਚੱਲਦੇ ਹਨ, ਜਿਸ ਕਾਰਨ ਅਜਿਹੇ ਹਾਦਸਿਆਂ 'ਚ ਵਾਧਾ ਹੋ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟੋਲ ਪਲਾਜ਼ਿਆਂ ਅਤੇ ਹਾਈਵੇਅ ’ਤੇ ਸਖ਼ਤ ਨਿਗਰਾਨੀ ਅਤੇ ਸਪੀਡ ਕੰਟਰੋਲ ਲਾਗੂ ਕੀਤਾ ਜਾਵੇ।



