ਬਾਬਾ ਰਾਮਦੇਵ ਦੀ ਕੋਰੋਨਾ ਵੈਕਸੀਨ ਲਗਵਾਉਣ ‘ਤੋਂ ਨਾਹ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਕੋਰੋਨਾ ਵੈਕਸੀਨ ਦਾ ਇੰਤਜ਼ਾਰ ਖ਼ਤਮ ਹੋਣ ਦੇ ਨਾਲ ਇਸ ਨੂੰ ਨਾ ਲਗਵਾਉਣ ਦਾ ਐਲਾਨ ਕਰ ਕੇ ਨਵਾਂ ਵਿਵਾਦ ਖੜ੍ਹਾ ਕਰਨ ਵਾਲਿਆਂ 'ਚ ਯੋਗ ਗੁਰੂ ਬਾਬਾ ਰਾਮਦੇਵ ਵੀ ਸ਼ਾਮਲ ਹੋ ਗਏ ਹਨ। ਉਨ੍ਹਾਂ ਕੋਰੋਨਾ ਵੈਕਸੀਨ ਨਾ ਲਗਵਾਉਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਉਨ੍ਹਾਂ ਵੈਕਸੀਨ ਦਾ ਸਵਾਗਤ ਤਾਂ ਕੀਤਾ ਹੈ ਪਰ ਕਿਹਾ ਕਿ ਉਹ ਅਜਿਹਾ ਇਸ ਲਈ ਨਹੀਂ ਕਰਨਗੇ ਕਿ ਉਨ੍ਹਾਂ ਨੂੰ ਵੈਕਸੀਨ ਤੋਂ ਡਰ ਲਗਦਾ ਹੈ। ਬਲਕਿ ਇਸ ਲਈ ਕਿ ਉਨ੍ਹਾਂ ਨੇ ਯੋਗ, ਆਯੁਰਵੇਦ ਤੇ ਧਿਆਨ 'ਤੇ ਪੂਰਾ ਭਰੋਸਾ ਹੈ।

ਉਨ੍ਹਾਂ ਕਿਹਾ ਕਿ ਦੇਸ਼ ਵਿਚ ਜੇਕਰ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ ਤਾਂ ਇਸ ਵਿਚ ਸਭ ਤੋਂ ਵੱਧ ਯੋਗਦਾਨ ਯੋਗ ਤੇ ਗਿਲੋਅ ਦਾ ਹੈ। ਉਨ੍ਹਾਂ ਲੋਕਾਂ ਨੂੰ ਵੀ ਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਨੇ ਆਪਣੇ ਸ਼ਰੀਰ ਦਾ ਕਬਾੜਾ ਕਰ ਰੱਖਿਆ ਹੈ। ਰੋਗ ਪ੍ਰਤੀਰੋਧਕ ਸਮਰੱਥਾ ਘੱਟ ਹੈ, ਇਸ ਨੂੰ ਵਧਾਉਣ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਵੈਕਸੀਨ ਜ਼ਿਆਦਾ ਸਮੇਂ ਤਕ ਸਰੀਰ 'ਚ ਅਸਰਦਾਰ ਨਹੀਂ ਰਹੇਗੀ। ਉਹ ਦਿੱਲੀ ਦੇ ਇਕ ਹੋਟਲ 'ਚ ਏਕਲ ਅਭਿਆਨ ਦੇ ਪ੍ਰੋਗਰਾਮ 'ਏਕਲ ਕੇ ਰਾਮ' 'ਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸਨ।