ਰੋਹਤਕ (ਇੰਦਰਜੀਤ ਸਿੰਘ) : ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ 'ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਅੰਤਰਰਾਸ਼ਟਰੀ ਬੱਬਰ ਖ਼ਾਲਸਾ ਤੇ ਅਕਾਲੀ ਦਲ ਵਰਗੇ ਸੰਗਠਨਾਂ ਤੋਂ ਜਾਨ ਦਾ ਖ਼ਤਰਾ ਹੈ। ਇਸ ਲਈ ਉਸਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਰੱਖਿਆ ਗਿਆ ਹੈ। ਉਸ ਨੂੰ ਜੇਲ੍ਹ 'ਚ ਹੋਰਨਾਂ ਕੈਦੀਆਂ ਤੋਂ ਵੱਖ ਰੱਖਿਆ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਤੇ ਭਾਰਤ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਕੋਈ ਅਸੀਂ ਫ਼ੈਸਲਾ ਨਹੀਂ ਕਰ ਸਕਦੇ।
ਇਸ ਲਈ ਜ਼ੀਰੋ ਬਜਟ ਖੇਤੀ ਦੇ ਸਿਖਲਾਈ ਪ੍ਰੋਗਰਾਮ 'ਚ ਵੀ ਡੇਰਾ ਮੁਖੀ ਨੂੰ ਸ਼ਾਮਲ ਨਹੀਂ ਕੀਤਾ ਗਿਆ। ਮੰਤਰੀ ਰਣਜੀਤ ਸਿੰਘ ਸਰਕਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਜੇਲ੍ਹ ਮੰਤਰੀ ਨੇ ਕਿਹਾ ਕਿ ਆਸਟ੍ਰੇਲੀਆ ਦੀਆਂ ਜੇਲ੍ਹਾਂ ਵਿਚ ਕੈਦੀਆਂ ਨੂੰ ਬਿਹਤਰ ਸਹੂਲਤਾਂ ਮਿਲ ਰਹੀਆਂ ਹਨ। ਇੱਥੋਂ ਦੀਆਂ ਜੇਲ੍ਹਾਂ ਆਸਟ੍ਰੇਲੀਆ ਵਰਗੀਆਂ ਤਾਂ ਨਹੀਂ ਹੋਣਗੀਆਂ, ਪਰ ਇਸ ਤੋਂ ਘੱਟ ਵੀ ਨਹੀਂ ਰਹਿਣਗੀਆਂ। ਜੇਲ੍ਹਾਂ ਵਿਚ ਸੁਧਾਰ ਨੂੰ ਲੈ ਕੇ ਬਿਹਤਰ ਯੋਜਨਾਵਾਂ ਬਣਾਈਆਂ ਗਈਆਂ ਹਨ, ਜਿਸਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਕੇ ਅਮਲੀਜਾਮਾ ਪਹਿਨਾਇਆ ਜਾਵੇਗਾ। ਜ਼ੀਰੋ ਬਜਟ ਖੇਤੀ ਦਾ ਪ੍ਰਾਜੈਕਟ ਵੀ ਇਨ੍ਹਾਂ 'ਚੋਂ ਇਕ ਹੈ।
ਜੇਲ੍ਹਾਂ 'ਚ ਮੋਬਾਈਲ ਇਸਤੇਮਾਲ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਜੈਮਰ ਤੇ ਹੋਰ ਬਦਲਾਂ 'ਤੇ ਮੰਥਨ ਕੀਤੇ ਜਾ ਰਹੇ ਹਨ। ਛੇਤੀ ਹੀ ਬਿਜਲੀ ਨਿਗਮ ਦੇ ਐੱਸਡੀਓ ਪੱਧਰ ਦੇ ਅਧਿਕਾਰੀਆਂ ਦੀ ਬੈਠਕ ਕਰਨਗੇ। ਸੂਚਨਾ ਮਿਲ ਰਹੀ ਹੈ ਕਿ ਆਲਾ ਅਧਿਕਾਰੀ ਤਾਂ ਖਪਤਕਾਰਾਂ ਨਾਲ ਬਿਹਤਰ ਵਿਵਹਾਰ ਕਰਦੇ ਹਨ, ਪਰ ਐੱਸਡੀਓ ਤੇ ਉਨ੍ਹਾਂ ਤੋਂ ਹੇਠਾਂ ਦੇ ਅਧਿਕਾਰੀ ਤੇ ਮੁਲਾਜ਼ਮਾਂ ਦਾ ਵਿਵਹਾਰ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਖਪਤਕਾਰਾਂ ਦੀਆਂ ਸ਼ਿਕਾਇਤਾਂ ਲਈ ਸੋਸ਼ਲ ਮੀਡੀਆ ਨੂੰ ਵੀ ਮਦਦਗਾਰ ਬਣਾਉਣ ਦੀ ਯੋਜਨਾ ਹੈ। ਟਵਿਟਰ ਅਕਾਊਂਟ ਵੀ ਬਣਾਇਆ ਜਾਵੇਗਾ ਤਾਂ ਜੋ ਖਪਤਕਾਰ ਬਿਜਲੀ ਨਿਗਮ ਨਾਲ ਸਬੰਧਤ ਸ਼ਿਕਾਇਤ ਤੇ ਸੁਝਾਅ ਭੇਜ ਸਕਣ।



