ਰਾਮ ਰਹੀਮ ਨੂੰ ਰਣਜੀਤ ਕਤਲਕਾਂਡ ਮਾਮਲੇ ’ਚ ਉਮਰ ਕੈਦ ਦੀ ਸਜ਼ਾ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) :ਬਹੁਚਰਚਿਤ ਰਣਜੀਤ ਸਿੰਘ ਕਤਲਕਾਂਡ ਮਾਮਲੇ ’ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਲੋਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਮੇਤ 5 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਰਾਮ ਰਹੀਮ ਨੂੰ 31 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।

2002 ’ਚ ਰਣਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਰੀਬ 19 ਸਾਲਾਂ ਬਾਅਦ ਉਨ੍ਹਾਂ ਨੂੰ ਅੱਜ ਇਨਸਾਫ ਮਿਲਿਆ ਹੈ। ਸੁਣਵਾਈ ਦੌਰਾਨ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਵੀਡੀਓ ਕਾਨਫਰੰਸ ਜ਼ਰੀਏ ਸ਼ਾਮਲ ਹੋਇਆ।

ਜਦਕਿ ਹੋਰ ਦੋਸ਼ੀਆਂ- ਕ੍ਰਿਸ਼ਨਲਾਲ, ਅਵਤਾਰ, ਜਸਵੀਰ ਅਤੇ ਸਬਦਿਲ ਸਿੱਧੇ ਤੌਰ ’ਤੇ ਅਦਾਲਤ ’ਚ ਪੇਸ਼ ਹੋਏ, ਜਿਨ੍ਹਾਂ ਨੂੰ ਅਦਾਲਤ ਨੇ ਉਮਰ ਕੈਦ ਦੇ ਨਾ- ਨਾਲ 50-50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਸੀ. ਬੀ. ਆਈ. ਕੋਰਟ ’ਚ ਇਸ ਪੂਰੇ ਮਾਮਲੇ ਦੀ ਸੁਣਵਾਈ ਹੋਈ। ਇਸ ਤੋਂ ਪਹਿਲਾਂ ਬੀਤੀ 12 ਅਕਤੂਬਰ ਨੂੰ ਕੋਰਟ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਦੱਸ ਦੇਈਏ ਕਿ 8 ਅਕਤੂਬਰ 2021 ਨੂੰ ਰਾਮ ਰਹੀਮ ਸਮੇਤ 5 ਦੋਸ਼ੀਆਂ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ।

ਦੱਸਣਯੋਗ ਹੈ ਕਿ 10 ਜੁਲਾਈ 2002 ਨੂੰ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਕੁਰੂਕੁਸ਼ੇਤਰ ਦੇ ਰਣਜੀਤ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਡੇਰਾ ਪ੍ਰਬੰਧਨ ਨੂੰ ਸ਼ੱਕ ਸੀ ਕਿ ਰਣਜੀਤ ਸਿੰਘ ਨੇ ਸਾਧਵੀ ਯੌਨ ਸ਼ੋਸ਼ਣ ਦੀ ਗੁੰਮਨਾਮ ਚਿੱਠੀ ਆਪਣੀ ਭੈਣ ਤੋਂ ਹੀ ਲਿਖਵਾਈ ਸੀ।

10 ਜੁਲਾਈ ਨੂੰ ਰਣਜੀਤ ਸਿੰਘ ਖਾਨਪੁਰ ਕੋਲੀਆਂ ’ਚ ਆਪਣੇ ਪਿਤਾ ਨੂੰ ਖੇਤਾਂ ’ਚ ਚਾਹ ਦੇ ਕੇ ਪਰਤ ਰਿਹਾ ਸੀ ਤਾਂ ਬਾਈਕ ਸਵਾਰ ਦੋ ਦੋਸ਼ੀਆਂ ਨੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋਸ਼ੀ ਸਬਦਿਲ ਅਤੇ ਜਸਵੀਰ ਦੀ ਸ਼ਨਾਖ਼ਤ ਹੋਈ ਸੀ। ਪੁਲਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਦੇ ਪਿਤਾ ਨੇ ਜਨਵਰੀ 2003 ’ਚ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਸੀ।

ਇਸ ਮਾਮਲੇ ’ਚ 3 ਗਵਾਹ ਮਹੱਤਵਪੂਰਨ ਸਨ। ਇਨ੍ਹਾਂ ਵਿਚ ਦੋ ਚਸ਼ਮਦੀਦ- ਸੁਖਦੇਵ ਸਿੰਘ ਅਤੇ ਜੋਗਿੰਦਰ ਸਿੰਘ ਹਨ, ਜਿਨ੍ਹਾਂ ਨੇ ਦੋਸ਼ੀਆਂ ਨੂੰ ਰਣਜੀਤ ’ਤੇ ਗੋਲੀ ਚਲਾਉਂਦੇ ਹੋਏ ਵੇਖਿਆ ਸੀ। ਤੀਜਾ ਗਵਾਹ ਰਾਮ ਰਹੀਮ ਦਾ ਡਰਾਈਵਰ ਖੱਟਾ ਸਿੰਘ ਸੀ, ਜਿਸ ਦੇ ਸਾਹਮਣੇ ਰਣਜੀਤ ਨੂੰ ਮਾਰਨ ਲਈ ਕਿਹਾ ਗਿਆ ਸੀ। ਰਣਜੀਤ ਸਿੰਘ ਕਤਲ ਵਿਚ ਡੇਰਾ ਸੱਚਾ ਸੌਦਾ ਦੇ ਮੈਂਬਰ- ਅਵਤਾਰ, ਕ੍ਰਿਸ਼ਨ ਲਾਲ, ਜਸਵੀਰ ਸਿੰਘ ਅਤੇ ਸਬਦਿਲ ਨੇ ਰਾਮ ਰਹੀਮ ਦੇ ਕਹਿਣ ’ਤੇ ਰਣਜੀਤ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚੀ ਸੀ।

31 ਜੁਲਾਈ 2007 ਨੂੰ ਸਾਧਵੀ ਯੌਨ ਸ਼ੋਸ਼ਣ, ਰਣਜੀਤ ਸਿੰਘ ਕਤਲ ਅਤੇ ਰਾਮਚੰਦਰ ਛਤਰਪਤੀ ਕਤਲ ਕੇਸ ’ਚ ਸੀ. ਬੀ. ਆਈ. ਕੋਰਟ ’ਚ ਚਾਲਾਨ ਪੇਸ਼ ਹੋ ਗਏ ਸਨ। ਹੁਣ ਰਾਮ ਰਹੀਮ ਸਾਧਵੀ ਸੁਨਾਰੀਆ ਜੇਲ੍ਹ ’ਚ ਸਾਧਵੀ ਯੌਨ ਸ਼ੋਸ਼ਣ ਮਾਮਲੇ ’ਚ 20 ਸਾਲ ਦੀ ਸਜ਼ਾ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।