ਰਾਣਾ ਕੰਦੋਵਾਲੀਆ ਦਾ ਕਾਤਲ ਹੈੱਪੀ ਸ਼ਾਹ ਸਾਥੀ ਸਮੇਤ ਗ੍ਰਿਫ਼ਤਾਰ

by vikramsehajpal

ਅੰਮ੍ਰਿਤਸਰ (ਦੇਵ ਇੰਦਰਜੀਤ) : ਕੇ. ਡੀ. ਹਸਪਤਾਲ ’ਚ ਬੀਤੀ 3 ਅਗਸਤ ਨੂੰ ਅੰਨ੍ਹੇਵਾਹ ਗੋਲ਼ੀਆਂ ਚਲਾ ਕੇ ਗੈਂਗਸਟਰ ਰਾਣਾ ਕੰਦੋਵਾਲੀਆ ਦਾ ਕਤਲ ਕਰਨ ਵਾਲੇ 2 ਕਾਤਲਾਂ ਨੂੰ ਸੀ. ਆਈ. ਏ. ਸਟਾਫ਼ ਦੀ ਪੁਲਸ ਨੇ ਵਾਰਦਾਤ ’ਚ ਵਰਤੀ ਪਿਸਟਲ ਸਣੇ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਜ਼ਖ਼ਮੀ ਹੋਏ ਗੈਂਗਸਟਰ ਦਾ ਬਟਾਲਾ ਦੇ ਇਕ ਹਸਪਤਾਲ ’ਚ ਇਲਾਜ ਕਰਵਾਉਣ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਮੁਲਜ਼ਮ ਨਨਿਤ ਸ਼ਰਮਾ ਉਰਫ਼ ਸੌਰਵ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਡੀ. ਸੀ. ਪੀ. ਡਿਟੈਕਟਿਵ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਗੈਂਗਸਟਰ ਰਾਣਾ ਕੰਦੋਵਾਲੀਆ ਅਤੇ ਉਸ ਦੇ ਇਕ ਹੋਰ ਸਾਥੀ ਤੇਜ਼ਬੀਰ ਸਿੰਘ ਤੋਂ ਇਲਾਵਾ ਹਸਪਤਾਲ ਦੇ ਗਾਰਡ ਅਰੁਣ ਕੁਮਾਰ 'ਤੇ ਗੋਲ਼ੀਆਂ ਚਲਾਉਣ ਸਬੰਧੀ ਥਾਣਾ ਮਜੀਠਾ ਰੋਡ ਵਿਖੇ ਦਰਜ ਇਰਾਦਾ ਕਤਲ ਦੋਸ਼ ਤਹਿਤ ਮਾਮਲਾ, ਜਿਸ ’ਚ ਰਾਣਾ ਕੰਦੋਵਾਲੀਆ ਦੀ ਮੌਤ ਮਗਰੋਂ ਕਤਲ ਦੀ ਧਾਰਾ 302 ਦੇ ਜੁਰਮ ਦਾ ਵਾਧਾ ਕੀਤਾ ਗਿਆ ਸੀ, ਦੇ ਸਬੰਧ ’ਚ ਇਨ੍ਹਾਂ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ।

ਪੁਲਸ ਵੱਲੋਂ ਇਤਲਾਹ ਦੇ ਆਧਾਰ ’ਤੇ ਛਾਪਾਮਾਰੀ ਕਰਦਿਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਗੁਰਮਿੰਦਰਜੀਤ ਸਿੰਘ ਉਰਫ਼ ਹੈੱਪੀ ਸ਼ਾਹ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਫੂਲਕਾ ਹਾਲ ਪਿੰਡ ਚਾਹਲ ਕਲਾਂ ਨੂੰ ਇਕ ਪਿਸਤੌਲ ਅਤੇ 5 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਦਿਆਂ ਉਸ ਦੇ ਇਕ ਹੋਰ ਸਾਥੀ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਬਲਦੇਵ ਸਿੰਘ ਵਾਸੀ ਗੱਗਡ਼ਭਾਣਾ ਨੂੰ ਵੀ ਪੁਲਸ ਪਾਰਟੀ ਨੇ ਕਾਬੂ ਕਰ ਲਿਆ। ਇਸ ਤੋਂ ਪਹਿਲਾਂ ਪੁਲਸ ਪਾਰਟੀ ਨੇ ਬਟਾਲਾ ਵਾਸੀ ਨਨਿਤ ਸ਼ਰਮਾ ਨੂੰ ਪਨਾਹ ਦੇਣ ਦੇ ਜੁਰਮ ’ਚ ਗ੍ਰਿਫ਼ਤਾਰ ਕਰ ਲਿਆ ਸੀ।

ਡੀ. ਸੀ. ਪੀ. ਭੁੱਲਰ ਨੇ ਦੱਸਿਆ ਕਿ ਹੈੱਪੀ ਸ਼ਾਹ ਮੁਤਾਬਕ ਇਕ ਮਹੀਨਾ ਪਹਿਲਾਂ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਰਾਣਾ ਕੰਦੋਵਾਲੀਆ ਦੇ ਕਤਲ ਦੀ ਪਲਾਨਿੰਗ ਗੋਲਡੀ ਬਰਾੜ ਨਾਲ ਮਿਲ ਕੇ ਬਣਾਈ ਸੀ। ਗੋਲਡੀ ਬਰਾੜ ਦੇ ਕਹਿਣ ’ਤੇ ਮੋਨੂੰ ਡਾਂਗਰ ਦੀਪਕ ਦੀਪੂ ਸਮੇਤ ਇਕ ਹੋਰ ਅਣਪਛਾਤੇ ਹਰਿਆਣਵੀ ਨੌਜਵਾਨ ਆਏ ਸਨ ਅਤੇ ਜੱਗੂ ਭਗਵਾਨਪੁਰੀਆ ਦੇ ਕਹਿਣ ’ਤੇ ਗੁਰਮਿੰਦਰਜੀਤ ਸਿੰਘ ਹੈੱਪੀ ਸ਼ਾਹ, ਜਗਰੌਸ਼ਨ ਸਿੰਘ ਹੁੰਦਲ, ਮਨੀ ਰਈਆ, ਮਨਦੀਪ ਸਿੰਘ ਤੂਫ਼ਾਨ ਉਰਫ਼ ਡਾਕਟਰ ਸੰਧੂ ਵਾਸੀ ਸੁੰਦਰ ਨਗਰ ਬਟਾਲਾ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ।

ਇਸ ਵਾਰਦਾਤ ਦੌਰਾਨ ਹੀ ਹੈਪੀ ਸ਼ਾਹ ਜੋ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ। ਬਟਾਲਾ ਵਾਸੀ ਨਨਿਤ ਸ਼ਰਮਾ ਸੁਖਰਾਜ ਮੱਲ੍ਹੀ, ਖਡ਼ਕ ਸਿੰਘ ਲਾਡੀ, ਜਗਤਾਰ ਸਿੰਘ, ਪ੍ਰਭਜੋਤ ਸਿੰਘ ਚੱਠਾ, ਸੁਰਪ੍ਰੀਤ ਸਿੰਘ ਗੋਪੀ ਤੇ ਵਰਿੰਦਰਪਾਲ ਸਿੰਘ ਵਾਸੀ ਪਿੰਡ ਚੁੰਗ ਨੇ ਮਿਲ ਕੇ ਬਟਾਲਾ ਦੇ ਜੌਹਲ ਹਸਪਤਾਲ ’ਚ ਹੈੱਪੀ ਸ਼ਾਹ ਦਾ ਇਲਾਜ ਕਰਵਾਇਆ ਅਤੇ ਪਨਾਹ ਦਿੱਤੀ ਸੀ। ਡੀ. ਸੀ. ਪੀ. ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਗੈਂਗਸਟਰ ਹੈੱਪੀ ਸ਼ਾਹ ਖ਼ਿਲਾਫ਼ ਪਹਿਲਾਂ ਵੀ ਇਰਾਦਾ ਕਤਲ, ਲੜਾਈ ਝਗੜਿਆਂ ਦੇ 3-4 ਮਾਮਲੇ ਦਰਜ ਹਨ।

ਡੀ. ਸੀ. ਪੀ. ਮੁਖਵਿੰਦਰ ਭੁੱਲਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਹੈੱਪੀ ਸ਼ਾਹ ਨੇ ਦੱਸਿਆ ਕਿ 31 ਜੁਲਾਈ 2021 ਨੂੰ ਵੀ ਰਾਣਾ ਕੰਦੋਵਾਲੀਆ ਨੂੰ ਰਣਜੀਤ ਐਵੇਨਿਊ ਇਲਾਕੇ ’ਚ ਕਤਲ ਕਰਨ ਦੀ ਯੋਜਨਾ ਬਣਾਈ ਸੀ ਪਰ ਉਥੇ ਪੀ. ਸੀ. ਆਰ. ਮੁਲਾਜ਼ਮਾਂ ਦੇ ਤਾਇਨਾਤੀ ਕਾਰਨ ਉਨ੍ਹਾਂ ਵੱਲੋਂ ਰਾਣਾ ਕੰਦੋਵਾਲੀਆ ਦਾ ਕੇ. ਡੀ. ਹਸਪਤਾਲ ਤੱਕ ਪਿੱਛਾ ਕੀਤਾ ਗਿਆ ਸੀ, ਉਥੇ ਵੀ ਰਾਣਾ ਕੰਦੋਵਾਲੀਆ ਦੇ ਨਾਲ ਉਸ ਦੇ ਦੋਸਤ ਜ਼ਿਆਦਾ ਹੋਣ ਕਾਰਨ ਉਨ੍ਹਾਂ ਵੱਲੋਂ ਹਮਲਾ ਨਹੀਂ ਕੀਤਾ ਗਿਆ। ਡੀ. ਸੀ. ਪੀ. ਭੁੱਲਰ ਨੇ ਦੱਸਿਆ ਕਿ ਪੁਲਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਨਨਿਤ ਸ਼ਰਮਾ ਦੇ ਇੰਕਸਾਫ਼ ’ਤੇ ਉਸ ਵੱਲੋਂ ਇਕ ਪਿਸਤੌਲ ਅਤੇ 7 ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਹੋਰ ਵਾਰਦਾਤਾਂ ਦੇ ਸਬੰਧੀ ਅਦਾਲਤ ਵੱਲੋਂ ਮਿਲੇ ਪੁਲਸ ਰਿਮਾਂਡ ਦੌਰਾਨ ਇਨ੍ਹਾਂ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।