ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਸਖ਼ਤ ਹੋਏ ਨਿਯਮ, ਜਾਣੋ ਕੀ ਨੇ ਨਵੀਂਆਂ ਹਦਾਇਤਾਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ 'ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਤੇ ਓਮੀਕਰੋਨ ਨੇ ਤੇਜ਼ੀ ਫੜੀ ਹੈ। ਇਸ ਦੇ ਮੁਤਾਬਕ ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਲਈ 7 ਦਿਨਾਂ ਦਾ ਹੋਮ ਕੁਆਰੰਟੀਨ ਜ਼ਰੂਰੀ ਹੋਵੇਗਾ। ਅੱਠਵੇਂ ਦਿਨ ਯਾਤਰੀਆਂ ਦਾ ਆਰਟੀ-ਪੀਸੀਆਰ ਟੈਸਟ ਕੀਤਾ ਜਾਵੇਗਾ। ਇਹ ਦਿਸ਼ਾ-ਨਿਰਦੇਸ਼ ਅੱਜ ਤੋਂ ਜਾਰੀ ਕੀਤੇ ਜਾ ਰਹੇ ਹਨ।

ਇਸ ਸਬੰਧ 'ਚ ਇਕ ਬਿਆਨ ਜਾਰੀ ਕਰਦੇ ਹੋਏ ਸਿਹਤ ਮੰਤਰਾਲੇ ਨੇ ਕਿਹਾ ਕਿ ਅੰਤਰਰਾਸ਼ਟਰੀ ਯਾਤਰੀਆਂ ਲਈ ਸੰਸ਼ੋਧਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਤਾਂ ਜੋ ਕੋਰੋਨਾ ਦੇ ਓਮਾਈਕਰੋਨ ਵੇਰੀਐਂਟ ਦੇ ਸੰਕਰਮਣ ਨੂੰ ਰੋਕਿਆ ਜਾ ਸਕੇ। ਸਿਹਤ ਮੰਤਰਾਲੇ ਨੇ ਕਿਹਾ ਕਿ ਕੋਰੋਨਾ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਹੈ ਕਿ ਵਿਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਤੁਰੰਤ ਬਾਹਰ ਜਾਣ ਜਾਂ ਘੁੰਮਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਸਿਹਤ ਮੰਤਰਾਲੇ ਨੇ ਕਿਹਾ ਕਿ ਸਾਰੇ ਯਾਤਰੀਆਂ ਨੂੰ ਏਅਰ ਸੁਵਿਧਾ ਪੋਰਟਲ 'ਤੇ ਆਪਣੇ ਬਾਰੇ ਪੂਰੀ ਤੇ ਸਹੀ ਜਾਣਕਾਰੀ ਦੇਣੀ ਹੋਵੇਗੀ। ਯਾਤਰਾ ਦੀ ਮਿਤੀ ਤੋਂ 14 ਦਿਨ ਪਹਿਲਾਂ ਕੀਤੀਆਂ ਗਈਆਂ ਹੋਰ ਯਾਤਰਾਵਾਂ ਦਾ ਵੇਰਵਾ ਵੀ ਦੇਣਾ ਪਵੇਗਾ। ਯਾਤਰੀ ਨੂੰ ਨੈਗੇਟਿਵ RT-PCR ਰਿਪੋਰਟ ਅਪਲੋਡ ਕਰਨੀ ਹੋਵੇਗੀ। ਇਹ ਟੈਸਟ ਯਾਤਰਾ ਦੀ ਮਿਤੀ ਤੋਂ ਵੱਧ ਤੋਂ ਵੱਧ 72 ਘੰਟੇ ਪਹਿਲਾਂ ਦਾ ਹੋਣਾ ਚਾਹੀਦਾ ਹੈ। ਟੈਸਟ ਰਿਪੋਰਟ ਦੀ ਭਰੋਸੇਯੋਗਤਾ ਦਾ ਹਲਫੀਆ ਬਿਆਨ ਵੀ ਦੇਣਾ ਹੋਵੇਗਾ। ​ਕੋਰੋਨਾ ਟੈਸਟ 'ਚ ਨੈਗੇਟਿਵ ਆਉਣ ਦੇ ਬਾਵਜੂਦ, ਯਾਤਰੀ 7 ਦਿਨਾਂ ਲਈ ਲਾਜ਼ਮੀ ਹੋਮ ਕੁਆਰੰਟੀਨ 'ਚ ਰਹਿਣਗੇ ਤੇ ਅੱਠਵੇਂ ਦਿਨ ਉਨ੍ਹਾਂ ਦਾ ਆਰਟੀਪੀਸੀਆਰ ਟੈਸਟ ਹੋਵੇਗਾ।