ਵਿਸ਼ਵ ਪੱਧਰ ‘ਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ​​ਕਰਨ ਲਈ ਤਿਆਰ ਹਾਂ : ਪ੍ਰਧਾਨ ਮੰਤਰੀ ਮੋਦੀ

by jaskamal

ਨਿਊਜ਼ ਡੈਸਕ (ਜਸਕਮਲ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਜ ਵੱਲੋਂ ਲੋਕਤੰਤਰ ਲਈ ਕਰਵਾਏ ਸੰਮੇਲਨ 'ਚ ਹਿੱਸਾ ਲੈਣ ਦੇ ਨਾਲ, ਵਿਸ਼ਵ ਪੱਧਰ 'ਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ​​ਕਰਨ ਲਈ ਭਾਰਤ ਦੇ ਸਮਰਥਨ ਦੀ ਪੁਸ਼ਟੀ ਕੀਤੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ 'ਤੇ ਲਿਖਿਆ, ''ਅਮਰੀਕੀ ਰਾਸ਼ਟਰਪਤੀ ਬਾਇਡਨ ਦੇ ਸੱਦੇ 'ਤੇ ਲੋਕਤੰਤਰ ਲਈ ਸੰਮੇਲਨ 'ਚ ਹਿੱਸਾ ਲੈ ਕੇ ਖੁਸ਼ ਹਾਂ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ, ਭਾਰਤ ਬਹੁ-ਪੱਖੀ ਮੰਚਾਂ ਸਮੇਤ ਵਿਸ਼ਵ ਪੱਧਰ 'ਤੇ ਜਮਹੂਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ​​ਕਰਨ ਲਈ ਸਾਡੇ ਭਾਈਵਾਲਾਂ ਨਾਲ ਕੰਮ ਕਰਨ ਲਈ ਤਿਆਰ ਹੈ।"

80 ਤੋਂ ਵੱਧ ਦੇਸ਼ਾਂ ਦੇ ਆਗੂਆਂ ਨੇ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਬੰਦ ਦਰਵਾਜ਼ੇ ਦੇ ਵਰਚੂਅਲ 'ਸਮਿਟ ਫਾਰ ਡੈਮੋਕਰੇਸੀ' 'ਚ ਹਿੱਸਾ ਲਿਆ। ਸੰਯੁਕਤ ਰਾਜ ਦੇ ਰਾਸ਼ਟਰਪਤੀ ਜੋ ਬਾਇਡਨ ਵੱਲੋਂ ਕਰਵਾਇਆ ਗਿਆ ਇਹ ਸੰਮੇਲਨ ਵਿਸ਼ਵ ਭਰ 'ਚ ਭ੍ਰਿਸ਼ਟਾਚਾਰ, ਅਸਮਾਨਤਾ ਤੇ ਪ੍ਰੈੱਸ ਦੀ ਆਜ਼ਾਦੀ ਦੀਆਂ ਸੀਮਾਵਾਂ ਸਮੇਤ ਲੋਕਤੰਤਰਾਂ ਨੂੰ ਦਰਪੇਸ਼ ਚੁਣੌਤੀਆਂ 'ਤੇ ਕੇਂਦਰਿਤ ਸੀ। ਭਾਰਤ ਤੋਂ ਇਲਾਵਾ ਫਰਾਂਸ, ਕੈਨੇਡਾ, ਬ੍ਰਾਜ਼ੀਲ, ਅਰਜਨਟੀਨਾ, ਉਰੂਗਵੇ, ਜਾਪਾਨ, ਇਜ਼ਰਾਈਲ ਤੇ ਫਿਲੀਪੀਨਜ਼ ਦੇ ਵਿਸ਼ਵ ਆਗੂਆਂ ਨੇ ਇਸ ਸੰਮੇਲਨ 'ਚ ਸ਼ਿਰਕਤ ਕੀਤੀ।

ਇਸ 'ਚ ਗੈਰ ਸਰਕਾਰੀ ਸੰਗਠਨਾਂ, ਨਿੱਜੀ ਕਾਰੋਬਾਰਾਂ, ਪਰਉਪਕਾਰੀ ਸੰਸਥਾਵਾਂ ਤੇ ਵਿਧਾਨ ਸਭਾਵਾਂ ਦੇ ਪ੍ਰਤੀਨਿਧਾਂ ਦੀ ਭਾਗੀਦਾਰੀ ਵੀ ਵੇਖੀ ਗਈ।