ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਦਿੱਲੀ 'ਚ 19 ਸਾਲ ਦਾ ਸਕਾ ਭਰਾ ਆਪਣੀ 10 ਸਾਲਾ ਭੈਣ ਨੂੰ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਜਦੋਂ ਕੁੜੀ ਨੇ ਇਸ ਗੱਲ ਦੀ ਜਾਣਕਾਰੀ ਆਪਣੀ ਮਾਂ ਨੂੰ ਦਿੱਤੀ ਤਾਂ ਉਸ ਨੇ ਬੇਟੇ ਨੂੰ ਸਮਝਾਉਣ ਦੀ ਬਜਾਏ ਬੇਟੀ ਨੂੰ ਹੀ ਸਮਝਾਇਆ ਕਿ ਉਹ ਇਹ ਗੱਲ ਕਿਸੇ ਹੋਰ ਨੂੰ ਨਾ ਦੱਸੇ। ਦਿੱਲੀ ਦੇ ਮੋਰੀਆ ਐਂਕਲੇਵ ਇਲਾਕੇ 'ਚ ਦਿੱਲੀ ਪੁਲਸ ਦਾ 'ਨਿਰਭੀਕ ਪ੍ਰੋਗਰਾਮ' ਸੀ। ਇਸ ਦੌਰਾਨ ਦਿੱਲੀ ਪੁਲਸ ਇਕ ਸਰਕਾਰੀ ਸਕੂਲ 'ਚ ਸੀ। ਉੱਥੇ ਇਕ 10 ਸਾਲਾ ਚੌਥੀ ਜਮਾਤ ਦੀ ਵਿਦਿਆਰਥਣ ਨੇ ਪੁਲਸ ਨੂੰ ਆਪਬੀਤੀ ਲਿਖ ਕੇ ਦਿੱਤੀ, ਜਿਸ 'ਚ ਵਿਦਿਆਰਥਣ ਨੇ ਦੱਸਿਆ ਕਿ ਬੀਤੇ ਇਕ ਸਾਲ ਤੋਂ ਉਸ ਦਾ ਭਰਾ ਬਲਾਤਕਾਰ ਕਰ ਰਿਹਾ ਹੈ।
ਇਸ 'ਚ ਵਿਦਿਆਰਥਣ ਨੇ ਆਪਣੇ ਨਾਲ ਹੋ ਰਹੀ ਸਾਰੀ ਘਟਨਾ ਬਾਰੇ ਖੁੱਲ੍ਹ ਕੇ ਲਿਖਿਆ। ਚਿੱਠੀ ਪੁਲਸ ਨੇ ਖੋਲ੍ਹੀ ਤਾਂ ਉਹ ਵੀ ਹੈਰਾਨ ਰਹਿ ਗਈ। ਇਸ ਘਟਨਾ ਬਾਰੇ ਵਿਦਿਆਰਥਣ ਨੇ ਆਪਣੀ ਮਾਂ ਨੂੰ ਵੀ ਜਾਣਕਾਰੀ ਦਿੱਤੀ ਪਰ ਮਾਂ ਨੇ ਬੱਚੀ ਦੀ ਮਦਦ ਨਹੀਂ ਕੀਤੀ, ਸਗੋਂ ਬੱਚੀ ਨੂੰ ਹੀ ਧਮਕਾਇਆ ਕਿ ਉਹ ਇਸ ਘਟਨਾ ਬਾਰੇ ਕਿਸੇ ਨੂੰ ਨਾ ਦੱਸੇ। ਦੂਜੇ ਪਾਸੇ ਬੱਚੀ ਦਾ ਭਰਾ ਲਗਾਤਾਰ ਯੌਨ ਸ਼ੋਸ਼ਣ ਕਰਦਾ ਰਿਹਾ। ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਵਿਦਿਆਰਥਣ ਦੇ ਭਰਾ ਨੂੰ ਪੋਕਸੋ ਐਕਟ ਅਤੇ ਬਲਾਤਕਾਰ ਦੀਆਂ ਧਾਰਾਵਾਂ ਦੇ ਅਧੀਨ ਗ੍ਰਿਫਤਾਰ ਕਰ ਲਿਆ।



