ਰੂਪਨਗਰ (ਪਾਇਲ): ਪੰਜਾਬ 'ਚ ਰੋਪੜ ਦੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਨਿਤਿਨ ਨੰਦਾ 'ਤੇ ਵਿਆਹ ਸਮਾਗਮ ਦੌਰਾਨ ਗੋਲੀਬਾਰੀ ਕੀਤੀ ਗਈ। ਦੱਸ ਦਇਏ ਕਿ ਗੋਲੀ ਉਸ ਦੇ ਸਿਰ ਦੇ ਪਿਛਲੇ ਪਾਸੇ ਲੱਗੀ। ਗੋਲੀ ਅਜੇ ਵੀ ਉਸ ਦੇ ਸਿਰ ਵਿਚ ਲੱਗੀ ਹੋਈ ਹੈ, ਜਿਸ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਗੋਲੀਬਾਰੀ ਦੀ ਆਵਾਜ਼ ਸੁਣਦੇ ਹੀ ਮੌਕੇ 'ਤੇ ਹਫੜਾ-ਦਫੜੀ ਮਚ ਗਈ। ਦੂਜੇ ਪਾਸੇ ਇਹ ਗੱਲ ਸਾਹਮਣੇ ਆਈ ਹੈ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਚੰਡੀਗੜ੍ਹ ਪੁਲੀਸ ਤੋਂ ਰਿਟਾਇਰਡ ਡੀਐਸਪੀ ਹੈ।
ਜ਼ਖਮੀ ਨਿਤਿਨ ਨੰਦਾ ਨੂੰ ਤੁਰੰਤ ਸਿਵਲ ਹਸਪਤਾਲ ਆਨੰਦਪੁਰ ਸਾਹਿਬ ਲਿਜਾਇਆ ਗਿਆ। ਉਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਆਨੰਦਪੁਰ ਸਾਹਿਬ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮੌਕੇ ਤੋਂ ਅਹਿਮ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਜਿਸ ਦੌਰਾਨ ਐਸਪੀ ਗੁਰਦੀਪ ਸਿੰਘ ਗੋਸਲ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਐਸਐਚਓ ਅਤੇ ਡੀਐਸਪੀ ਤੁਰੰਤ ਮੌਕੇ ’ਤੇ ਪੁੱਜੇ ਅਤੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ।
ਜਿਸ ਸੰਬੰਧ 'ਚ ਗੋਲੀਬਾਰੀ ਕਰਨ ਵਾਲਿਆਂ ਵਿੱਚ ਦਿਲਸ਼ੇਰ ਸਿੰਘ, ਚੰਡੀਗੜ੍ਹ ਪੁਲੀਸ ਦੇ ਸਾਬਕਾ ਡੀਐਸਪੀ ਰਾਮ ਕੁਮਾਰ ਅਤੇ ਇੱਕ ਹੋਰ ਵਿਅਕਤੀ ਦੇ ਨਾਂ ਸਾਹਮਣੇ ਆਏ ਹਨ।
ਇੱਥੇ ਦੱਸਣਯੋਗ ਹੈ ਕਿ ਐਸਪੀ ਗੋਸਲ ਨੇ ਦੱਸਿਆ ਕਿ ਇਹ ਘਟਨਾ ਆਪਸੀ ਜਾਇਦਾਦ ਦੇ ਝਗੜੇ ਨਾਲ ਸਬੰਧਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੌਕੇ ਤੋਂ ਸਬੂਤ ਇਕੱਠੇ ਕਰ ਲਏ ਗਏ ਹਨ। ਪੁਲਿਸ ਨੇ ਪੂਰੇ ਇਲਾਕੇ 'ਚ ਨਾਕਾਬੰਦੀ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।



