ਵਧ ਰਹੀ ਮਹਿੰਗਾਈ ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਨੇ ਦੇਸ਼ ਨੂੰ ਤਬਾਹੀ ਵੱਲ ਧੱਕਿਆ- ਅਰਸ਼ੀ

by vikramsehajpal

ਬੁਢਲਾਡਾ (ਕਰਨ) : ਦੇਸ਼ ਅੰਦਰ ਦਿਨੋਂ ਦਿਨ ਵਧ ਰਹੀ ਮਹਿੰਗਾਈ ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਸੀਪੀਆਈ ਵੱਲੋਂ ਦੇਸ਼ ਭਰ ਵਿੱਚ ਮਨਾਏ ਜਾ ਰਹੇ ਰੋਸ ਪੰਦਰਵਾਡ਼ੇ ਤਹਿਤ ਅੱਜ ਸਬ ਡਿਵੀਜ਼ਨ ਪੱਧਰ ਦਾ ਰੋਹ ਭਰਪੂਰ ਮੁਜ਼ਾਹਰਾ ਕਰਕੇ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸੀ ਪੀ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਦਿਨੋਂ ਦਿਨ ਵਧ ਰਹੀਆਂ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਖ਼ਿਲਾਫ਼ ਪੂਰੇ ਦੇਸ਼ ਭਰ ਵਿਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੌਮਾਂਤਰੀ ਮੰਡੀ ਵਿੱਚ ਤੇਲ ਦੀਆਂ ਕੀਮਤਾਂ ਘੱਟ ਹੋਣ ਦੇ ਬਾਵਜੂਦ ਦੇਸ਼ ਵਿੱਚ ਬੇਤਹਾਸ਼ਾ ਵਧ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੇ ਦੇਸ਼ ਨੂੰ ਆਰਥਿਕ ਮੰਦਵਾੜੇ ਵੱਲ ਧੱਕਿਆ ਹੈ ਅਤੇ ਦੇਸ਼ ਦੇ ਹਰ ਖੇਤਰ ਵਿੱਚ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਪੈਟਰੋਲ ਤੇ ਡੀਜ਼ਲ ਨੂੰ ਜੀਐੱਸਟੀ ਦੇ ਘੇਰੇ ਵਿੱਚ ਲਿਆਂਦਾ ਜਾਵੇ। ਉਨ੍ਹਾਂ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਮਾਏਦਾਰਾਂ ਦੀ ਝੋਲੀ ਚੁੱਕ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਸਰਕਾਰ ਨੇ ਲੋਕ ਵਿਰੋਧੀ ਨੀਤੀਆਂ ਬਣਾ ਕੇ ਲੋਕਾਂ ਨੂੰ ਆਰਥਿਕ ਤਬਾਹੀ ਵੱਲ ਧੱਕਿਆ ਹੈ ਅਤੇ ਗੈਰ ਸੰਵਿਧਾਨਕ ਤਰੀਕੇ ਨਾਲ ਬਣਾਏ ਗਏ ਕਾਨੂੰਨਾਂ ਨੇ ਲੋਕਤੰਤਰੀ ਢਾਂਚੇ ਨੂੰ ਤਹਿਸ ਨਹਿਸ ਕਰਕੇ ਰੱਖ ਦਿੱੱਤਾ ਹੈ। ਜਿਸ ਦੇ ਖ਼ਿਲਾਫ਼ ਲੋਕ ਲਾਮਬੰਦੀ ਅਤੇ ਸੰਘਰਸ਼ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ, ਤਹਿਸੀਲ ਸਕੱਤਰ ਕਾਮਰੇਡ ਵੇਦ ਪ੍ਰਕਾਸ਼ ਨੇ ਵਧਦੀ ਮਹਿੰਗਾਈ ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬੇ ਦੀ ਕੈਪਟਨ ਸਰਕਾਰ ਇਸਦੇ ਮੁੱਖ ਤੌਰ ਤੇ ਦੋਸ਼ੀ ਹਨ। ਉਨ੍ਹਾਂ ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਸਬੰਧੀ ਚੱਲ ਰਹੇ ਸੰਘਰਸ਼ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਕਿਸਾਨ ਆਗੂ ਮਲਕੀਤ ਮੰਦਰਾਂ, ਮਨਜੀਤ ਕੌਰ ਗਾਮੀਵਾਲਾ, ਹਰੀ ਸਿੰਘ ਅੱਕਾਂਵਾਲੀ, ਬੱਬੂ ਸਿੰਘ, ਏਟਕ ਆਗੂ ਕਾਕਾ ਸਿੰਘ, ਕਾਮਰੇਡ ਭੁਪਿੰਦਰ ਸਿੰਘ ਗੁਰਨੇ, ਸੁਖਦੇਵ ਸਿੰਘ ਬੋੜਾਵਾਲ ਨੇ ਵੀ ਸੰਬੋਧਨ ਕੀਤਾ।

ਫ਼ੋਟੋ ਬੁਢਲਾਡਾ: ਵਧ ਰਹੀ ਮਹਿੰਗਾਈ ਖ਼ਿਲਾਫ਼ ਰੋਸ ਪ੍ਰਗਟ ਕਰਨ ਸਮੇਂ ਕੇਂਦਰ ਸਰਕਾਰ ਦੀ ਅਰਥੀ ਫੂਕਦੇ ਹੋਏ ਸੀਪੀਆਈ ਆਗੂ ਅਤੇ ਵਰਕਰ