ਬੰਗਲਾਦੇਸ਼ ਖ਼ਿਲਾਫ਼ ਲਗਾਤਾਰ ਛੇ ਛੱਕੇ ਲਾਉਣਾ ਚਾਹੁੰਦੇ ਸਨ ਰੋਹਿਤ

by mediateam

ਮੀਡੀਆ ਡੈਸਕ: ਸਲਾਮੀ ਬੱਲੇਬਾਜ਼ ਅਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਛੱਕੇ ਜੜਨ ਦੀ ਆਪਣੀ ਤਕਨੀਕ ਬਾਰੇ ਖ਼ੁਲਾਸਾ ਕਰਦੇ ਹੋਏ ਕਿਹਾ ਹੈ ਕਿ ਇਸ ਲਈ ਤਾਕਤ ਨਹੀਂ ਬਲਕਿ ਸਹੀ ਟਾਈਮਿੰਗ ਦੀ ਲੋੜ ਹੁੰਦੀ ਹੈ। ਭਾਰਤ ਦੀ ਵੀਰਵਾਰ ਨੂੰ ਬੰਗਲਾਦੇਸ਼ 'ਤੇ ਇੱਥੇ ਅੱਠ ਵਿਕਟਾਂ ਦੀ ਜਿੱਤ ਦੇ ਹੀਰੋ ਰਹੇ ਰੋਹਿਤ ਨੇ 43 ਗੇਂਦਾਂ ਵਿਚ 85 ਦੌੜਾਂ ਬਣਾਈਆਂ ਜਿਸ ਵਿਚ ਛੇ ਚੌਕੇ ਤੇ ਛੇ ਛੱਕੇ ਸ਼ਾਮਲ ਸਨ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਉਹ ਲਗਾਤਾਰ ਛੇ ਛੱਕੇ ਲਾਉਣਾ ਚਾਹੁੰਦੇ ਸਨ ਪਰ ਚੌਥੀ ਗੇਂਦ 'ਤੇ ਖੁੰਝ ਜਾਣ ਤੋਂ ਬਾਅਦ ਉਨ੍ਹਾਂ ਨੇ ਇਹ ਇਰਾਦਾ ਬਦਲ ਦਿੱਤਾ।


ਵਿਰਾਟ ਕੋਹਲੀ ਦੀ ਗ਼ੈਰਮੌਜੂਦਗੀ ਵਿਚ ਭਾਰਤੀ ਟੀਮ ਦੀ ਕਪਤਾਨੀ ਸੰਭਾਲ ਰਹੇ ਰੋਹਿਤ ਨੇ ਸਾਥੀ ਸਪਿੰਨਰ ਯੁਜਵਿੰਦਰ ਸਿੰਘ ਚਹਿਲ ਨਾਲ ਗੱਲ ਕਰਦੇ ਹੋਏ ਇਹ ਖ਼ੁਲਾਸਾ ਕੀਤਾ। ਰੋਹਿਤ ਨੇ ਚਹਿਲ ਨੂੰ ਕਿਹਾ ਕਿ ਤੁਹਾਨੂੰ ਛੱਕੇ ਲਾਉਣ ਲਈ ਤਾਕਤ ਦੀ ਲੋੜ ਨਹੀਂ ਹੈ ਤੁਸੀਂ (ਚਹਿਲ) ਵੀ ਲਾ ਸਕਦੇ ਹੋ ਕਿਉਂਕਿ ਇਸ ਲਈ ਟਾਈਮਿੰਗ ਦੀ ਲੋੜ ਪੈਂਦੀ ਹੈ। ਗੇਂਦ ਬੱਲੇ ਵਿਚਾਲੇ ਆਉਣੀ ਚਾਹੀਦੀ ਹੈ, ਤੁਹਾਡੀ ਪੁਜੀਸ਼ਨ ਸਹੀ ਹੋਣੀ ਚਾਹੀਦੀ ਹੈ। ਸਿਰ ਸਿੱਧਾ ਹੋਣਾ ਚਾਹੀਦਾ ਹੈ। ਜੇ ਤੁਸੀਂ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖੋਗੇ ਤਾਂ ਛੱਕੇ ਲੱਗਣਗੇ। ਰੋਹਿਤ ਨੇ ਬੰਗਲਾਦੇਸ਼ ਖ਼ਿਲਾਫ਼ ਦੂਜੇ ਟੀ-20 ਵਿਚ 10ਵੇਂ ਓਵਰ ਵਿਚ ਲਗਾਤਾਰ ਤਿੰਨ ਛੱਕੇ ਲਾਏ ਸਨ। ਇਹ ਪੁੱਛਣ 'ਤੇ ਕੀ ਕਿ ਉਹ ਲਗਾਤਾਰ ਛੇ ਛੱਕੇ ਲਾਉਣ ਦੀ ਕੋਸ਼ਿਸ਼ ਵਿਚ ਸਨ ਤਾਂ ਰੋਹਿਤ ਨੇ ਕਿਹਾ ਕਿ ਕੋਸ਼ਿਸ਼ ਤਾਂ ਇਹੀ ਸੀ, ਮੈਂ ਛੇ ਛੱਕੇ ਲਾਉਣੇ ਸੀ ਪਰ ਤਿੰਨ ਛੱਕੇ ਮਾਰਨ ਤੋਂ ਬਾਅਦ ਚੌਥੀ ਗੇਂਦ 'ਤੇ ਖੁੰਝਣ ਕਾਰਨ ਮੈਂ ਸੋਚਿਆ ਕਿ ਹੁਣ ਇਕ ਦੌੜ ਹੀ ਲਵਾਂਗਾ। ਮੈਂ ਮੂਵ ਕੀਤੇ ਬਿਨਾਂ ਹਿਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।