ਇਜ਼ਰਾਇਲ ‘ਚ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਖ਼ਿਲਾਫ਼ ਸੜਕਾਂ ‘ਤੇ ਉਤਰੇ ਹਜ਼ਾਰਾਂ ਲੋਕ

by vikramsehajpal

ਯੇਰੂਸ਼ਲਮ (ਦੇਵ ਇੰਦਰਜੀਤ)- ਇਜ਼ਰਾਈਲ ਵਿਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖ਼ਿਲਾਫ਼ ਹਜ਼ਾਰਾਂ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਭਿ੍ਸ਼ਟਾਚਾਰ ਦੇ ਦੋਸ਼ਾਂ ਵਿਚ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਨਾਲ ਨਿਪਟਣ ਵਿਚ ਲਾਪਰਵਾਹੀ ਕੀਤੀ।
ਯੇਰੂਸ਼ਲਮ ਵਿਚ ਪ੍ਰਧਾਨ ਮੰਤਰੀ ਦੇ ਨਿਵਾਸ ਦੇ ਨੇੜੇ ਸ਼ਨਿਚਰਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਜਮ੍ਹਾਂ ਹੋਏ ਅਤੇ ਨੇਤਨਯਾਹੂ ਵਿਰੋਧੀ ਨਾਅਰੇ ਲਗਾਏ। ਇਹ ਵਿਰੋਧ ਪ੍ਰਦਰਸ਼ਨ ਦੇਸ਼ ਵਿਚ ਤੀਜੇ ਦੇਸ਼-ਪੱਧਰੀ ਲਾਕਡਾਊਨ ਵਿਚਕਾਰ ਕੀਤਾ ਗਿਆ। ਦੇਸ਼ ਵਿਚ ਮਹਾਮਾਰੀ ਵਧਣ 'ਤੇ ਹਾਲ ਹੀ ਵਿਚ ਤੀਜੀ ਵਾਰ ਲਾਕਡਾਊਨ ਲਗਾਇਆ ਗਿਆ ਅਤੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ। ਮਹਾਮਾਰੀ ਨਾਲ ਨਿਪਟਣ ਲਈ ਟੀਕਾਕਰਨ ਮੁਹਿੰਮ ਚੱਲ ਰਹੀ ਹੈ। ਦੇਸ਼ ਦੀ ਕਰੀਬ 20 ਫ਼ੀਸਦੀ ਲੋਕਾਂ ਨੂੰ ਕੋਰੋਨਾ ਖ਼ਿਲਾਫ਼ ਟੀਕਾ ਲਗਾਇਆ ਜਾ ਚੁੱਕਾ ਹੈ। ਉਧਰ, ਭਿ੍ਸ਼ਟਾਚਾਰ ਦੇ ਦੋਸ਼ਾਂ ਵਿਚ ਨੇਤਨਯਾਹੂ ਖ਼ਿਲਾਫ਼ ਇਸੇ ਹਫ਼ਤੇ ਟ੍ਰਾਇਲ ਸ਼ੁਰੂ ਹੋਣ ਵਾਲਾ ਸੀ ਪ੍ਰੰਤੂ ਮਹਾਮਾਰੀ ਕਾਰਨ ਇਸ ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਗਿਆ ਹੈ। ਨੇਤਨਯਾਹੂ 'ਤੇ ਰਿਸ਼ਵਤ ਲੈਣ, ਧੋਖਾਧੜੀ ਅਤੇ ਵਿਸ਼ਵਾਸਘਾਤ ਕਰਨ ਦੇ ਦੋਸ਼ ਤੈਅ ਕੀਤੇ ਗਏ ਹਨ। ਹਾਲਾਂਕਿ ਉਨ੍ਹਾਂ ਨੇ ਕੁਝ ਵੀ ਗ਼ਲਤ ਕਰਨ ਤੋਂ ਇਨਕਾਰ ਕੀਤਾ ਹੈ।