ਯੂਕਰੇਨ ‘ਤੇ ਵੈਕਯੂਮ ਤੇ ਕਲੱਸਟਰ ਬੰਬਾਂ ਨਾਲ ਹਮਲਾ ਕਰ ਰਿਹੈ ਰੂਸ ! ਜਾਣੋ ਕਿੰਨੇ ਖ਼ਤਰਨਾਕ ਨੇ ਇਹ ਬੰਬ

by jaskamal

ਨਿਊਜ਼ ਡੈਸਕ : ਰੂਸ ਤੇ ਯੂਕਰੇਨ 'ਚ ਛਿੜੇ ਯੁੱਧ ਦਰਮਿਆਨ ਮਨੁੱਖੀ ਅਧਿਕਾਰ ਸਮੂਹਾਂ ਤੇ ਸੰਯੁਕਤ ਰਾਜ 'ਚ ਯੂਕਰੇਨ ਦੇ ਰਾਜਦੂਤ ਨੇ ਸੋਮਵਾਰ ਨੂੰ ਰੂਸ 'ਤੇ ਕਲੱਸਟਰ ਬੰਬਾਂ, ਵੈਕਯੂਮ ਬੰਬਾਂ ਤੇ ਹਥਿਆਰਾਂ ਨਾਲ ਯੂਕਰੇਨੀਆਂ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ, ਜਿਸ ਦੀ ਕਈ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਨਿੰਦਾ ਕੀਤੀ ਗਈ ਹੈ। ਐੱਮਨੈੱਸਟੀ ਇੰਟਰਨੈਸ਼ਨਲ ਤੇ ਹਿਊਮਨ ਰਾਈਟਸ ਵਾਚ ਦੋਵਾਂ ਨੇ ਕਿਹਾ ਕਿ ਰੂਸੀ ਸੁਰੱਖਿਆ ਬਲਾਂ ਨੇ ਵਿਆਪਕ ਤੌਰ 'ਤੇ ਪਾਬੰਦੀਸ਼ੁਦਾ ਕਲੱਸਟਰ ਹਥਿਆਰਾਂ ਦੀ ਵਰਤੋਂ ਕੀਤੀ ਜਾਪਦੀ ਹੈ। ਅਮਰੀਕੀ ਰਾਜਦੂਤ ਓਕਸਾਨਾ ਮਾਰਕਾਰੋਵਾ ਨੇ ਕਿਹਾ ਕਿ ਇਸ ਬੰਬ ਨੂੰ ਜਿਨੇਵਾ ਸੰਮੇਲਨ ਦੌਰਾਨ ਬੈਨ ਕਰ ਦਿੱਤਾ ਗਿਆ ਸੀ। ਓਕਸਾਨਾ ਮਾਰਕਾਰੋਵਾ ਨੇ ਦਾਅਵਾ ਕੀਤਾ ਕਿ ਰੂਸ ਨੇ ਇਸ ਬੰਬ ਦੀ ਵਰਤੋਂ ਏਅਰਸਟ੍ਰਾਈਕ ਦੌਰਾਨ ਕੀਤੀ।

ਉਂਝ ਵੈਕਯੂਮ ਬੰਬ ਨੂੰ ਅਧਿਕਾਰਤ ਤੌਰ 'ਤੇ Thermobaric weapons ਵੀ ਕਿਹਾ ਜਾਂਦਾ ਹੈ। ਇਹ ਦੁਨੀਆ ਦੇ ਸਭ ਤੋਂ ਖਤਰਨਾਕ ਹਥਿਆਰਾਂ 'ਚੋਂ ਇਕ ਹੈ। ਇਨ੍ਹਾਂ ਦੇ ਅੰਦਰ ਵਿਸਫੋਟਕ ਬਾਲਣ ਤੇ ਰਸਾਇਣ ਭਰਿਆ ਹੁੰਦਾ ਹੈ ਜੋ ਧਮਾਕਾ ਹੋਣ 'ਤੇ ਸੁਪਰਸੋਨਿਕ ਤਰੰਗਾਂ ਪੈਦਾ ਕਰਦਾ ਹੈ। ਇਕ ਵਾਰ ਜੇਕਰ ਇਹ ਫੱਟਦਾ ਹੈ ਤਾਂ ਧਮਾਕਾ ਹੋਣ 'ਤੇ ਇਸ ਦੇ ਰਸਤੇ ਵਿਚ ਜੋ ਵੀ ਆਉਂਦਾ ਹੈ ਉਹ ਸਭ ਕੁਝ ਤਬਾਹ ਹੋ ਜਾਂਦਾ ਹੈ। ਇਹ ਬੰਬ ਵੱਡਾ ਧਮਾਕਾ ਕਰਨ ਲਈ ਨੇੜਿਓਂ ਆਕਸੀਜਨ ਸੋਖ ਲੈਂਦਾ ਹੈ।

ਇਹ ਬੰਬ ਲੜਾਕੂ ਜਹਾਜ਼ਾਂ ਦੀ ਮਦਦ ਨਾਲ ਸੁੱਟੇ ਜਾਂਦੇ ਹਨ। ਇਕੋ ਕਲੱਸਟਰ ਬੰਬ 'ਚ ਕਈ ਬੰਬ ਗੁੱਛੇ ਦੇ ਰੂਪ 'ਚ ਹੁੰਦੇ ਹਨ। ਇਨ੍ਹਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਫਾਇਰ ਕੀਤੇ ਜਾਣ ਤੋਂ ਬਾਅਦ ਕਲੱਸਟਰ ਬੰਬ ਆਪਣੇ ਅੰਦਰਲੇ ਬੰਬਾਂ ਨੂੰ ਵਿਸਫੋਟ ਕਰਨ ਤੋਂ ਪਹਿਲਾਂ ਹਵਾ 'ਚ ਮੀਲਾਂ ਤੱਕ ਉੱਡ ਸਕਦੇ ਹਨ। ਇਹ ਵਿਨਾਸ਼ਕਾਰੀ ਬੰਬ ਜਿਸ ਥਾਂ 'ਤੇ ਡਿੱਗਦੇ ਹਨ, ਉਸ ਦੇ 25 ਤੋਂ 30 ਮੀਟਰ ਦੇ ਅੰਦਰ ਭਿਆਨਕ ਤਬਾਹੀ ਮਚਾ ਸਕਦੇ ਹਨ।