ਰੂਸ ਦਾ ਦਾਅਵਾ, ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਕੱਢਣ ਲਈ ਸਾਡੀ ਤਿਆਰੀ ਮੁਕੰਮਲ

by jaskamal

ਨਿਊਜ਼ ਡੈਸਕ : ਰੂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਦੀਆਂ ਬੱਸਾਂ ਪੂਰਬੀ ਯੂਕਰੇਨ ਦੇ ਖਾਰਕਿਵ ਤੇ ਸੁਮੀ ਸ਼ਹਿਰਾਂ 'ਚ ਫੌਜੀ ਕਾਰਵਾਈ ਕਾਰਨ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਸਰਹੱਦ 'ਤੇ ਤਿਆਰ ਖੜ੍ਹੀਆਂ ਹਨ। ਯੂਕ੍ਰੇਨ ਦੇ ਜ਼ਪੋਰਿਜ਼ੀਆ 'ਚ ਸਥਿਤ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਊਰਜਾ ਪਲਾਂਟ 'ਤੇ ਹਮਲੇ ਤੋਂ ਬਾਅਦ ਅਲਬਾਨੀਆ, ਫਰਾਂਸ, ਆਇਰਲੈਂਡ, ਨਾਰਵੇ, ਬ੍ਰਿਟੇਨ ਅਤੇ ਅਮਰੀਕਾ ਦੀ ਮੰਗ 'ਤੇ ਸ਼ੁੱਕਰਵਾਰ ਨੂੰ ਸੁਰੱਖਿਆ ਪ੍ਰੀਸ਼ਦ ਦੀ ਹੰਗਾਮੀ ਬੈਠਕ ਬੁਲਾਈ ਗਈ।

ਬੈਠਕ ਦੌਰਾਨ ਸੰਯੁਕਤ ਰਾਸ਼ਟਰ 'ਚ ਰੂਸ ਦੇ ਸਥਾਈ ਪ੍ਰਤੀਨਿਧੀ ਅਤੇ ਰਾਜਦੂਤ ਵੈਸੀਲੀ ਨੇਬੇਨਜ਼ੀਆ ਨੇ ਕਿਹਾ ਕਿ ਰੂਸੀ ਫੌਜੀ ਯੂਕ੍ਰੇਨ 'ਚ ਫਸੇ ਵਿਦੇਸ਼ੀ ਨਾਗਰਿਕਾਂ ਦੀ ਸ਼ਾਂਤੀਪੂਰਨ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਯੂਕਰੇਨੀ ਰਾਸ਼ਟਰਵਾਦੀਆਂ ਨੇ ਪੂਰਬੀ ਯੂਕਰੇਨ ਦੇ ਖਾਰਕੀਵ ਅਤੇ ਸੁਮੀ ਸ਼ਹਿਰਾਂ ਵਿਚ 3,700 ਭਾਰਤੀ ਵਿਦਿਆਰਥੀਆਂ ਨੂੰ "ਜ਼ਬਰਦਸਤੀ" ਰੱਖਿਆ ਹੈ। ਸੰਯੁਕਤ ਰਾਸ਼ਟਰ 'ਚ ਰੂਸੀ ਸੰਘ ਦs ਸਥਾਈ ਪ੍ਰਤੀਨਿਧੀ ਵੈਸੀਲੀ ਨੇਬੇਨਜ਼ੀਆ ਨੇ ਕਿਹਾ ਖਾਰਕਿਵ 'ਚ 3,189 ਭਾਰਤੀ, 2,700 ਵੀਅਤਨਾਮੀ ਅਤੇ 202 ਚੀਨੀ ਨਾਗਰਿਕ ਮੌਜੂਦ ਹਨ। ਇਸੇ ਤਰ੍ਹਾਂ ਸੂਮੀ ਵਿਚ 507 ਭਾਰਤੀ, 101 ਘਾਨਾ ਦੇ ਅਤੇ 121 ਚੀਨੀ ਨਾਗਰਿਕ ਹਨ।'