ਰੂਸ ਵੱਲੋਂ ਜੰਗ ਦੇ ਐਲਾਨ ਤੋਂ ਬਾਅਦ “ਧੜਾਮ” ਡਿੱਗਿਆ ਭਾਰਤੀ ਸ਼ੇਅਰ ਬਾਜ਼ਾਰ

by jaskamal

ਨਿਊਜ਼ ਡੈਸਕ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅੱਜ ਸਵੇਰੇ ਯੂਕਰੇਨ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ। ਜੰਗ ਦੇ ਡਰ ਤੋਂ ਪਹਿਲਾਂ ਹੀ ਸ਼ੇਅਰ ਬਾਜ਼ਾਰ ਨੂੰ ਝਟਕਾ ਲੱਗਾ ਤੇ ਵੀਰਵਾਰ ਨੂੰ ਖੁੱਲ੍ਹਦੇ ਸਾਰ ਹੀ ਸ਼ੇਅਰ ਬਾਜ਼ਾਰ 'ਚ ਭਾਜੜ ਮਚ ਗਈ। ਸੈਂਸੈਕਸ ਅਤੇ ਨਿਫਟੀ ਨੇ ਸਾਲ ਦੀ ਵੱਡੀ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਕੀਤਾ। ਬਾਜ਼ਾਰ ਦੀ ਸ਼ੁਰੂਆਤ 'ਚ ਹੀ ਸੈਂਸੈਕਸ 2700 ਅੰਕ ਟੁੱਟ ਕੇ 800 ਹਜ਼ਾਰ ਤੋਂ ਹੇਠਾਂ ਜਾ ਕੇ 55,418.45 'ਤੇ ਖੁੱਲ੍ਹਿਆ। ਇਸੇ ਤਰ੍ਹਾਂ ਨਿਫਟੀ ਨੇ ਵੀ 514 ਅੰਕਾਂ ਦੇ ਨੁਕਸਾਨ ਨਾਲ ਕਾਰੋਬਾਰ ਸ਼ੁਰੂ ਕੀਤਾ ਤੇ 17 ਹਜ਼ਾਰ ਤੋਂ ਹੇਠਾਂ 16,548.90 'ਤੇ ਖੁੱਲ੍ਹਿਆ। ਦੋਵਾਂ ਐਕਸਚੇਂਜਾਂ 'ਤੇ ਨਿਵੇਸ਼ਕਾਂ ਨੂੰ ਬੰਪਰ ਵੇਚਦੇ ਦੇਖਿਆ ਗਿਆ। ਸਵੇਰੇ 9.25 ਵਜੇ ਤੱਕ ਮਾਮੂਲੀ ਸੁਧਾਰ ਹੋਇਆ ਸੀ ਤੇ ਸੈਂਸੈਕਸ 1,448 ਅੰਕਾਂ ਦੇ ਨੁਕਸਾਨ ਨਾਲ 55,743 'ਤੇ ਕਾਰੋਬਾਰ ਕਰ ਰਿਹਾ ਸੀ। ਇਸੇ ਤਰ੍ਹਾਂ ਨਿਫਟੀ 419 ਅੰਕ ਡਿੱਗ ਕੇ 16,444 'ਤੇ ਕਾਰੋਬਾਰ ਕਰ ਰਿਹਾ ਸੀ।

24 ਫਰਵਰੀ ਨੂੰ ਖੁੱਲ੍ਹੇ ਜ਼ਿਆਦਾਤਰ ਏਸ਼ੀਆਈ ਬਾਜ਼ਾਰਾਂ ਨੇ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਕੀਤਾ। ਸਿੰਗਾਪੁਰ ਦਾ ਸਟਾਕ ਐਕਸਚੇਂਜ 1.65 ਫੀਸਦੀ ਅਤੇ ਜਾਪਾਨ ਦਾ 1.12 ਫੀਸਦੀ ਦੇ ਨੁਕਸਾਨ ਨਾਲ ਖੁੱਲ੍ਹਿਆ। ਇਸ ਤੋਂ ਇਲਾਵਾ ਤਾਇਵਾਨ ਸਟਾਕ ਐਕਸਚੇਂਜ 'ਚ 1.18 ਫੀਸਦੀ ਅਤੇ ਦੱਖਣੀ ਕੋਰੀਆ 'ਚ 1.72 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਏਸ਼ੀਆਈ ਬਾਜ਼ਾਰਾਂ 'ਚ ਗਿਰਾਵਟ ਦਾ ਅਸਰ ਭਾਰਤੀ ਨਿਵੇਸ਼ਕਾਂ 'ਤੇ ਵੀ ਦੇਖਣ ਨੂੰ ਮਿਲੇਗਾ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਨੇ ਚੰਗੀ ਸ਼ੁਰੂਆਤ ਕੀਤੀ ਸੀ, ਪਰ ਸ਼ਾਮ ਦੇ ਅੰਤ ਤੱਕ ਸਾਰੀ ਗਤੀ ਖਤਮ ਹੋ ਗਈ ਸੀ। ਦਿਨ ਦੇ ਕਾਰੋਬਾਰ ਦੀ ਸਮਾਪਤੀ ਤੋਂ ਬਾਅਦ, ਸੈਂਸੈਕਸ ਅਤੇ ਨਿਫਟੀ ਦੋਵੇਂ ਹੀ ਨੁਕਸਾਨ ਵਿੱਚ ਸਨ। ਕਾਰੋਬਾਰ ਖਤਮ ਹੋਣ 'ਤੇ ਸੈਂਸੈਕਸ 68.62 ਅੰਕ (0.12 ਫੀਸਦੀ) ਡਿੱਗ ਕੇ 57,232.06 ਅੰਕ 'ਤੇ ਸੀ। NSE ਨਿਫਟੀ ਵੀ 28.95 ਅੰਕ (0.17 ਫੀਸਦੀ) ਦੇ ਨੁਕਸਾਨ ਨਾਲ 17,063.25 'ਤੇ ਰਿਹਾ। ਇਸ ਤਰ੍ਹਾਂ ਬਾਜ਼ਾਰ ਲਗਾਤਾਰ ਛੇਵੇਂ ਦਿਨ ਬੰਦ ਹੋਇਆ।