ਜਾਸੂਸੀ ਕਰਨ ਦਾ ਦੋਸ਼ ‘ਚ ਰੂਸ ਨੇ ਨੀਦਰਲੈਂਡ ਦੇ 2 ਡਿਪਲੋਮੈਟਾਂ ਨੂੰ ਕੱਢਿਆ

by vikramsehajpal

ਮਾਸਕੋ (ਦੇਵ ਇੰਦਰਜੀਤ)- ਰੂਸ ਅਤੇ ਨੀਦਰਲੈਂਡ ਵਿਚਕਾਰ ਤਣਾਅ ਵੱਧ ਗਿਆ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਨੀਦਰਲੈਂਡ ਦੇ 2 ਡਿਪਲੋਮੈਟਾਂ ਨੂੰ ਦੇਸ਼ 'ਚੋਂ ਕੱਢਣ ਦਾ ਐਲਾਨ ਕੀਤਾ। ਦਸੰਬਰ ਵਿਚ ਨੀਦਰਲੈਂਡ ਨੇ ਰੂਸ ਦੇ ਦੋ ਡਿਪਲੋਮੈਟਾਂ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਸੀ। ਨੀਦਰਲੈਂਡ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਇਨ੍ਹਾਂ ਡਿਪਲੋਮੈਟਾਂ ਖ਼ਿਲਾਫ਼ ਜਾਸੂਸੀ ਦਾ ਦੋਸ਼ ਲਗਾਇਆ ਸੀ।

ਰੂਸੀ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਨੀਦਰਲੈਂਡ ਦੇ ਡਿਪਲੋਮੈਟ ਨੂੰ ਬੁਲਾ ਕੇ ਵਿਰੋਧ ਵੀ ਪ੍ਰਗਟ ਕੀਤਾ। ਰੂਸੀ ਡਿਪਲੋਮੈਟਾਂ ਖ਼ਿਲਾਫ਼ ਜਾਸੂਸੀ ਦਾ ਦੋਸ਼ ਲਗਾ ਕੇ ਕੱਢਣ ਦੀ ਕਾਰਵਾਈ ਨੂੰ ਗ਼ਲਤ ਦੱਸਦੇ ਹੋਏ ਜਵਾਬੀ ਕਾਰਵਾਈ ਵਿਚ ਨੀਦਰਲੈਂਡ ਦੇ ਦੋ ਡਿਪਲੋਮੈਟਾਂ ਨੂੰ ਦੋ ਹਫ਼ਤੇ ਅੰਦਰ ਰੂਸ ਛੱਡਣ ਨੂੰ ਕਿਹਾ। ਪੂਰਬੀ ਯੂਕਰੇਨ ਵਿਚ 2014 ਵਿਚ ਮਲੇਸ਼ੀਆ ਏਅਰਲਾਈਨਜ਼ ਦੇ ਜਹਾਜ਼ ਨੂੰ ਡੇਗਣ ਪਿੱਛੋਂ ਰੂਸ ਅਤੇ ਨੀਦਰਲੈਂਡ ਵਿਚਕਾਰ ਸਬੰਧ ਤਣਾਅਪੂਰਣ ਬਣੇ ਹੋਏ ਹਨ। ਨੀਦਰਲੈਂਡ ਦੇ ਵਕੀਲਾਂ ਨੇ ਦੋਸ਼ ਲਗਾਇਆ ਸੀ ਕਿ ਰੂਸ ਵੱਲੋਂ ਦਿੱਤੀ ਗਈ ਮਿਜ਼ਾਈਲ ਨਾਲ ਮਲੇਸ਼ਿਆਈ ਜਹਾਜ਼ ਨੂੰ ਡੇਗ ਦਿੱਤਾ ਸੀ। ਇਸ ਵਿਚ 298 ਲੋਕਾਂ ਦੀ ਜਾਨ ਗਈ ਸੀ। ਰੂਸ ਨੇ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕਰ ਦਿੱਤਾ ਸੀ।