ਰੂਸ ਨੇ ਯੂਕਰੇਨ ਦੇ ਓਡੇਸਾ ‘ਤੇ ਕਈ ਮਿਜ਼ਾਈਲਾਂ ਦਾਗੀਆਂ, ਸ਼ਹਿਰ ਦੇ ਬੁਨਿਆਦੀ ਢਾਂਚੇ ਦਾ ਨੁਕਸਾਨ

by jaskamal

ਨਿਊਜ਼ ਡੈਸਕ : ਰੂਸ ਤੇ ਯੂਕਰੇਨ ਵਿਚਾਲੇ ਜੰਗ 39ਵੇਂ ਦਿਨ ਵੀ ਜਾਰੀ ਹੈ। ਅੱਜ ਰੂਸ ਨੇ ਯੂਕਰੇਨ ਦੇ ਓਡੇਸਾ 'ਤੇ ਇਕ ਜ਼ਬਰਦਸਤ ਹਵਾਈ ਹਮਲਾ ਕੀਤਾ ਹੈ। ਇਸ ਹਵਾਈ ਹਮਲੇ 'ਚ ਯੂਕਰੇਨ ਦੇ ਓਡੇਸਾ ਨੂੰ ਭਾਰੀ ਨੁਕਸਾਨ ਹੋਇਆ ਹੈ। ਓਡੇਸਾ ਖੇਤਰੀ ਮਿਲਟਰੀ ਪ੍ਰਸ਼ਾਸਨ ਦੇ ਆਪਰੇਸ਼ਨਲ ਸਟਾਫ ਦੇ ਬੁਲਾਰੇ ਸੇਰਹੀ ਬ੍ਰਾਚੁਕ ਨੇ ਕਿਹਾ ਕਿ ਅੱਜ ਓਡੇਸਾ 'ਤੇ ਕਈ ਮਿਜ਼ਾਈਲਾਂ ਦਾਗੀਆਂ ਗਈਆਂ। ਜਿਸ 'ਚ ਨਾਜ਼ੁਕ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਮੁਤਾਬਕ ਫਿਲਹਾਲ ਸਥਿਤੀ ਕਾਬੂ ਹੇਠ ਹੈ ਅਤੇ ਸਬੰਧਤ ਸੇਵਾਵਾਂ ਕੰਮ ਕਰ ਰਹੀਆਂ ਹਨ।

ਦਰਅਸਲ, ਓਡੇਸਾ ਸਿਟੀ ਕੌਂਸਲ ਨੇ ਆਪਣੇ ਅਧਿਕਾਰਤ ਟੈਲੀਗ੍ਰਾਮ ਅਕਾਊਂਟ 'ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਓਡੇਸਾ 'ਤੇ ਸਵੇਰੇ ਹਮਲਾ ਹੋਇਆ। ਕੁਝ ਮਿਜ਼ਾਈਲਾਂ ਨੂੰ ਸਾਡੀ ਏਅਰ ਡਿਫੈਂਸ ਸਿਸਟਮ ਨੇ ਡੇਗ ਦਿੱਤਾ। ਪਰ ਕੁਝ ਥਾਵਾਂ 'ਤੇ ਹਮਲੇ ਨੇ ਅੱਗ ਫੜ ਲਈ। ਸੀਐਨਐਨ ਨੇ ਇੱਕ ਚਸ਼ਮਦੀਦ ਦੇ ਹਵਾਲੇ ਨਾਲ ਕਿਹਾ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਓਡੇਸਾ ਵਿੱਚ ਇੱਕ ਬਾਲਣ ਡਿਪੂ ਵਿੱਚ ਧਮਾਕੇ ਸੁਣੇ ਗਏ ਸਨ।