ਭਾਰਤ ਦੇ ਰਵੱਈਏ ਤੋਂ ਰੂਸ ਖ਼ੁਸ਼, ਯੂਕ੍ਰੇਨ ਨਾਰਾਜ਼, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਭਾਰਤ ਦੇ ਰਵੱਈਏ ਤੋਂ ਰੂਸ ਤਾਂ ਖ਼ੁਸ਼ ਹੈ, ਪਰ ਯੂਕ੍ਰੇਨ ਦੀ ਨਾਰਾਜ਼ਗੀ ਸਾਫ਼ ਤੌਰ ’ਤੇ ਸਾਹਮਣੇ ਆ ਰਹੀ ਹੈ। ਨਵੀਂ ਦਿੱਲੀ ’ਚ ਯੂਕ੍ਰੇਨ ਦੇ ਰਾਜਦੂਤ ਡਾ. ਇਗੋਰ ਪੋਲਿਖਾ ਨੇ ਭਾਰਤ ਦੇ ਰਵੱਈਏ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਕਿ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਿੱਧੀ ਗੱਲਬਾਤ ਕਰਨ ਤੇ ਹਾਲਾਤ ਨੂੰ ਸੰਭਾਲਣ ’ਚ ਮਦਦ ਕਰਨ।

ਰੂਸੀ ਫ਼ੌਜ ਦੇ ਯੂਕ੍ਰੇਨ ’ਤੇ ਹਮਲਾ ਕਰਨ ਦੇ ਕੁਝ ਹੀ ਘੰਟਿਆਂ ਬਾਅਦ ਮੁੜ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਹੰਗਾਮੀ ਬੈਠਕ ਬੁਲਾਈ ਗਈ। ਇਸ ’ਚ ਭਾਰਤ ਦੇ ਰਾਜਦੂਤ ਟੀਐੱਸ ਤਿਰੁਮੂਰਤੀ ਨੇ ਰੂਸ ਦੇ ਹਮਲੇ ਦੀ ਆਲੋਚਨਾ ਨਹੀਂ ਕੀਤੀ। ਉਨ੍ਹਾਂ ਹਾਲਾਤ ਦੇ ਗੰਭੀਰ ਹੋਣ ਤੇ ਕੌਮਾਂਤਰੀ ਭਾਈਚਾਰੇ ਦੀ ਗੱਲ ਨਾ ਮੰਨਣ ਲਈ ਸਬੰਧਿਤ ਧਿਰਾਂ ਦੇ ਰਵੱਈਏ ’ਤੇ ਅਫ਼ਸੋਸ ਪ੍ਰਗਟਾਇਆ ਪਰ ਸਿੱਧੇ ਤੌਰ ’ਤੇ ਰੂਸ ਦਾ ਨਾਂ ਨਹੀਂ ਲਿਆ। ਉਨ੍ਹਾਂ ਕਿਹਾ ਕਿ ਇਹ ਪੂਰਾ ਮਾਮਲਾ ਇਕ ਗੰਭੀਰ ਖ਼ਤਰੇ ’ਚ ਬਦਲ ਸਕਦਾ ਹੈ।

ਯੂਕ੍ਰੇਨ ਦੇ ਰਾਜਦੂਤ ਪੋਲਿਖਾ ਨੇ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਇਸ ਸਮੇਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਆਗੂਆਂ ਪ੍ਰੈੱਸ ਕਾਨਫਰੰਸ ’ਚ ਸ਼ਾਮਲ ਹੈ। ਅਸੀਂ ਉਮੀਦ ਕਰਦੇ ਹਾਂ ਕਿ ਮੋਦੀ ਕਿਸੇ ਤਰ੍ਹਾਂ ਰਾਸ਼ਟਰਪਤੀ ਪੁਤਿਨ ਨੂੰ ਪ੍ਰਭਾਵਿਤ ਕਰਨਗੇ। ਉਨ੍ਹਾਂ ਬੇਹੱਦ ਭਾਵਨਾਤਮਕ ਸੁਰ ’ਚ ਕਿਹਾ ਕਿ ਅਸੀਂ ਭਾਰਤ ਦੇ ਰਵੱਈਏ ਤੋਂ ਬੇਹੱਦ ਨਾਰਾਜ਼ ਹਾਂ। ਸਾਨੂੰ ਭਾਰਤ ਤੋਂ ਜ਼ਿਆਦਾ ਮਜ਼ਬੂਤ ਹਮਾਇਤ ਦੀ ਉਮੀਦ ਹੈ।