Ukraine ਵਿਰੁੱਧ ਪ੍ਰਮਾਣੂ ਹਥਿਆਰ ਦੀ ਵਰਤੋਂ ਦਾ ਕੋਈ ਇਰਾਦਾ ਨਹੀਂ : Russia

by jaskamal

ਨਿਊਜ਼ ਡੈਸਕ : ਰੂਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੂਕਰੇਨ 'ਚ ਪ੍ਰਮਾਣੂ ਹਥਿਆਰ ਤਾਇਨਾਤ ਕਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ। ਇਕ ਦਿਨ ਪਹਿਲਾਂ ਅਮਰੀਕਾ 'ਚ ਰੂਸ ਦੇ ਚੋਟੀ ਦੇ ਡਿਪਲੋਮੈਟ ਨੇ ਪੱਛਮੀ ਦੇਸ਼ਾਂ ਦੇ ਅਧਿਕਾਰੀਆਂ 'ਤੇ 'ਬੇਬੁਨਿਆਦ' ਦੋਸ਼ ਲਾਏ ਲਈ ਨਿਸ਼ਾਨਾ ਵਿੰਨਿਆ ਸੀ। ਰੂਸ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਐਲੇਕਸੀ ਜੈਤਸੇਵ ਨੇ ਕਿਹਾ ਕਿ ਰੂਸ ਇਸ ਸਿਧਾਂਤ ਦਾ ਦ੍ਰਿੜਤਾ ਨਾਲ ਪਾਲਣ ਕਰਦਾ ਹੈ ਕਿ ਪ੍ਰਮਾਣੂ ਯੁੱਧ 'ਚ ਕੋਈ ਜੇਤੂ ਨਹੀਂ ਹੋ ਸਕਦਾ ਤੇ ਇਸ ਦੀ ਵਰਤੋਂ ਨਹੀਂ ਹੋਣੀ ਚਾਹੀਦੀ।

ਜੈਤਸੇਵ ਨੇ ਕਿਹਾ ਕਿ ਯੂਕਰੇਨ ਤੇ ਪੱਛਮੀ ਦੇਸ਼ 'ਭੜਕਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਅਤੇ ਰੂਸ ਨੂੰ 'ਮੀਡੀਆ 'ਚ ਕੂੜਪ੍ਰਚਾਰ ਅਤੇ ਜ਼ਮੀਨ 'ਤੇ ਕਿਸੇ ਵੀ ਘਟਨਾਕ੍ਰਮ ਲਈ ਤਿਆਰ ਰਹਿਣਾ ਹੋਵੇਗਾ। ਅਮਰੀਕਾ 'ਚ ਰੂਸ ਦੇ ਡਿਪਲੋਮੈਟ ਐਨਾਤੋਲੀ ਐਂਤੋਨੋਵ ਨੇ ਵੀਰਵਾਰ ਨੂੰ ਕਿਹਾ ਕਿ ਸਾਡੇ ਦੇਸ਼ ਦੀ ਪ੍ਰਮਾਣੂ ਨੀਤੀ 'ਤੇ ਰੂਸੀ ਅਧਿਕਾਰੀਆਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।