ਯੂਕ੍ਰੇਨ ’ਤੇ ਕਿਸੇ ਵੀ ਸਮੇਂ ਹਮਲਾ ਕਰ ਸਕਦੈ ਰੂਸ, ਪੁਤਿਨ-ਬਾਈਡੇਨ ਵਿਚਾਲੇ ਗੱਲਬਾਤ ਬੇਨਤੀਜਾ

by jaskamal

ਨਿਊਜ਼ ਡੈਸਕ : ਅਮਰੀਕਾ ਨੇ ਖੁਫੀਆ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ 16 ਫਰਵਰੀ ਨੂੰ ਯੂਕ੍ਰੇਨ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ। ਰਿਪੋਰਟ ਮੁਤਾਬਕ ਉਕਤ ਜਾਣਕਾਰੀ ਮਿਲਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਪੁਤਿਨ ਨੂੰ ਫੋਨ ਕਰ ਕੇ ਜੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਉਥੇ, ਅਧਿਕਾਰੀਆਂ ਵਲੋਂ ਯੂਕ੍ਰੇਨ ’ਤੇ ਰੂਸੀ ਹਮਲੇ ਦਾ ਖਤਰਾ ਪ੍ਰਗਟਾਏ ਜਾਣ ਦਰਮਿਆਨ ਅਮਰੀਕਾ ਯੂਕ੍ਰੇਨ ’ਚ ਆਪਣੇ ਦੂਤਘਰ ਨੂੰ ਖਾਲੀ ਕਰਨ ਦੀ ਤਿਆਰੀ ਕਰ ਰਿਹਾ ਹੈ।

ਯੂਕਰੇਨ ਸੰਕਟ ਵਿਚਕਾਰ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਵਿਚਾਲੇ 62 ਮਿੰਟ ਤੱਕ ਗੱਲਬਾਤ ਹੋਈ ਪਰ ਕੋਈ ਨਤੀਜਾ ਨਹੀਂ ਨਿਕਲ ਸਕਿਆ। ਬਾਈਡੇਨ ਨੇ ਰੂਸ ਦੇ ਰਾਸ਼ਟਰਪਤੀ ਨਾਲ ਯੂਕਰੇਨ ਬਾਰਡਰ ’ਤੇ ਇੱਕ ਲੱਖ ਤੋਂ ਜ਼ਿਆਦਾ ਸੈਨਿਕਾਂ ਦੇ ਜਮਾਵੜੇ ਨੂੰ ਹਟਾਉਣ ਲਈ ਸ਼ਨੀਵਾਰ ਨੂੰ ਫਿਰ ਕਿਹਾ, ਨਾਲ ਹੀ ਰੂਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਯੂਕਰੇਨ ’ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਅਤੇ ਉਸਦੇ ਸਾਥੀ ਮਜ਼ਬੂਤੀ ਨਾਲ ਜਵਾਬ ਦੇਣਗੇ।

ਇਸਦੇ ਨਾਲ ਹੀ ਉੱਤਰ ਅਟਲਾਂਟਿਕ ਸਮਝੌਤਾ ਸੰਗਠਨ (ਨਾਟੋ) ਸਹਿਯੋਗੀਆਂ ਦੇ ਪ੍ਰਤੀ ਅਮਰੀਕੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਪੈਂਟਾਗਨ ਪੋਲੈਂਡ 'ਚ 3,000 ਫੌਜੀ ਬਲਾਂ ਨੂੰ ਭੇਜ ਰਿਹਾ ਹੈ। ਪੋਲੈਂਡ 'ਚ 1,700 ਫੌਜੀ ਪਹਿਲਾਂ ਤੋਂ ਹੀ ਤਾਇਨਾਤ ਹਨ। ਅਮਰੀਕਾ ਦੇ ਇਕ ਸੀਨੀਅਰ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਇਹ ਵਾਧੂ ਫੌਜੀ ਅਗਲੇ ਕੁਝ ਦਿਨਾਂ ਵਿਚ ਉੱਤਰ ਕੈਰੋਲਾਈਨਾ ਦੇ ਫੋਰਡ ਬ੍ਰੈਗ ਤੋਂ ਰਵਾਨਾ ਹੋਣਗੇ। ਇਨ੍ਹਾਂ ਫੌਜੀਆਂ ਦਾ ਮਿਸ਼ਨ ਟਰੇਨਿੰਗ ਦੇਣਾ ਹੋਵੇਗਾ ਤੇ ਹਮਲੇ ਨੂੰ ਰੋਕਣਾ ਹੋਵੇਗਾ, ਪਰ ਉਹ ਯੂਕ੍ਰੇਨ ਵਿਚ ਲੜਾਈ ਵਿਚ ਸ਼ਾਮਲ ਨਹੀਂ ਹੋਣਗੇ।