ਰੂਸ-ਯੂਕਰੇਨ ਯੁੱਧ : ਨਾਟੋ ਵੱਲੋਂ ਰੂਸ ਖਿਲਾਫ ਕਾਰਵਾਈ ਦੀ ਤਿਆਰੀ

by jaskamal

ਨਿਊਜ ਡੈਸਕ : ਰੂਸ ਦੀ ਫੌਜ ਯੂਕਰੇਨ 'ਚ ਦਾਖਲ ਹੋ ਗਈ ਹੈ। ਰਿਪੋਰਟ ਮੁਤਾਬਕ ਹੁਣ ਰੂਸ ਹੋਰ ਤਿੱਖਾ ਹਮਲਾ ਕਰ ਸਕਦਾ ਹੈ।ਰਿਪੋਰਟ ਮੁਤਾਬਕ ਰੂਸੀ ਹਮਲੇ ਕਾਰਨ ਯੂਕਰੇਨ 'ਚ 300 ਤੋਂ ਵੱਧ ਲੋਕਾਂ ਦੀ ਮੌਤ ਦੀ ਖ਼ਬਰ ਹੈ, ਜਦਕਿ ਸੈਂਕੜੇ ਲੋਕ ਜ਼ਖਮੀ ਹਨ। ਰੂਸੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਯੂਕਰੇਨੀ ਨੈਸ਼ਨਲ ਗਾਰਡ ਦੇ ਹੈੱਡਕੁਆਰਟਰ ਨੂੰ ਤਬਾਹ ਕਰ ਦਿੱਤਾ ਹੈ। ਯੂਕਰੇਨ ਦੀ ਫੌਜ ਦਾ ਕਾਫੀ ਜਾਨੀ ਨੁਕਸਾਨ ਹੋਇਆ ਹੈ।

ਮਿਲੀ ਜਾਣਕਾਰੀ ਮੁਤਾਬਕ ਰੂਸੀ ਹਮਲੇ ਤੋਂ ਯੂਕਰੇਨ 'ਚ ਲਗਾਤਾਰ ਨੁਕਸਾਨ ਦੀਆਂ ਰਿਪੋਰਟਾਂ ਦੇ ਵਿਚਕਾਰ ਨਾਟੋ ਨੇ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਹੈ। ਰੂਸੀ ਹਮਲੇ ਤੋਂ ਬਾਅਦ ਨਾਟੋ ਰੂਸ ਖਿਲਾਫ ਸਖ਼ਤ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ। ਰਿਪੋਰਟ ਮੁਤਾਬਕ ਨਾਟੋ ਦੇ 30 ਮੈਂਬਰ ਦੇਸ਼ਾਂ 'ਚੋਂ ਰੂਸ 'ਤੇ ਹਮਲਾ ਕਰਨ ਦੀ ਗੱਲ ਚੱਲ ਰਹੀ ਹੈ। ਨਾਟੋ ਆਰਟੀਕਲ-4 ਦੀ ਵਰਤੋਂ ਰੂਸ ਵਿਰੁੱਧ ਕਰ ਸਕਦਾ ਹੈ। ਇਸ ਦੇ ਨਾਲ ਹੀ ਨਾਟੋ ਦੇ ਮੁਖੀ ਜੇਂਸ ਸਟੋਲਟਨਬਰਗ ਨੇ ਰੂਸ ਦੇ ਹਮਲੇ ਦੀ ਨਿੰਦਾ ਕਰਦਿਆਂ ਇਸ ਨੂੰ ਬੇਲੋੜਾ ਹਮਲਾ ਦੱਸਿਆ ਹੈ।

ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਦੁਨੀਆ ਦੇ ਸਾਰੇ ਵੱਡੇ ਦੇਸ਼ਾਂ ਵੱਲੋਂ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ। ਅਮਰੀਕਾ, ਫਰਾਂਸ, ਬ੍ਰਿਟੇਨ ਸਮੇਤ ਕਈ ਦੇਸ਼ਾਂ ਨੇ ਰੂਸ ਨੂੰ ਹਮਲਾ ਰੋਕਣ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਹੁਣ ਭਾਰਤ ਵੱਲੋਂ ਵੀ ਪ੍ਰਤੀਕਿਰਿਆ ਆਈ ਹੈ। ਭਾਰਤ ਦੇ ਵਿਦੇਸ਼ ਰਾਜ ਮੰਤਰੀ ਡਾ. ਰਾਜਕੁਮਾਰ ਰੰਜਨ ਸਿੰਘ ਨੇ ਕਿਹਾ ਹੈ ਕਿ ਇਸ ਮਾਮਲੇ 'ਤੇ ਭਾਰਤ ਦਾ ਨਿਰਪੱਖ ਸਟੈਂਡ ਹੈ।