ਰਸ਼ੀਆ-ਯੂਕਰੇਨ ਯੁੱਧ : ਦੱਖਣੀ ਪੂਰਬ ਯੂਕਰੇਨ ‘ਚ ਤੇਜ਼ ਹਮਲਾ ਕਰਨ ਦੀ ਤਿਆਰੀ ਕਰ ਰਿਹੈ ਰੂਸ

by jaskamal

ਨਿਊਜ਼ ਡੈਸਕ : ਯੂਕਰੇਨ ਦੇ ਬੁਚਾ 'ਚ ਕਤਲੇਆਮ ਦੀਆਂ ਡਰਾਊਣੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਮੰਗਲਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਜਿੱਥੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਆਪਣੀ ਫ਼ਰਿਆਦ ਰੱਖਣ ਦੀ ਤਿਆਰੀ ਕਰ ਰਹੇ ਹਨ। ਦੂਜੇ ਪਾਸੇ ਰੂਸੀ ਫ਼ੌਜ ਯੂਕਰੇਨ ਦੇ ਦੱਖਣ-ਪੂਰਬ 'ਚ ਜ਼ੋਰਦਾਰ ਹਮਲੇ ਦੀ ਤਿਆਰੀ ਕਰ ਰਹੀ ਸੀ। ਬੁਚਾ 'ਚ ਰੂਸੀ ਫ਼ੌਜ ਵੱਲੋਂ ਕਥਿਤ ਤੌਰ 'ਤੇ ਵੱਡੇ ਪੱਧਰ 'ਤੇ ਮਾਰੇ ਜਾਣ ਨਾਲ ਦੁਨੀਆ ਭਰ 'ਚ ਭਾਰੀ ਰੋਹ ਪੈਦਾ ਹੋ ਗਿਆ ਹੈ। ਕਈ ਦੇਸ਼ਾਂ ਨੇ ਰੂਸ 'ਤੇ ਪਾਬੰਦੀ ਹੋਰ ਵਧਾਉਣ ਦਾ ਐਲਾਨ ਕੀਤਾ ਹੈ।

ਜਾਣਕਾਰੀ ਅਨੁਸਾਰ ਰੂਸ ਦੀ ਪੁਤਿਨ ਸਰਕਾਰ ਡੋਨਬਾਸ ਦੇ ਨਾਂ ਤੋਂ ਜਾਣੇ ਜਾਣ ਵਾਲੇ ਸਨਅਤੀ ਗੜ੍ਹ 'ਤੇ ਕੰਟਰੋਲ ਹਾਸਲ ਕਰਨ ਲਈ ਯੂਕਰੇਨ ਦੇ ਪੂਰਬ 'ਚ ਫ਼ੌਜੀਆਂ ਦੀ ਤਾਇਨਾਤੀ ਵਧਾ ਰਹੀ ਹੈ। ਇਹੀ ਕਾਰਨ ਹੈ ਕਿ ਰਾਜਧਾਨੀ ਕੀਵ ਦੇ ਆਲੇ ਦੁਆਲੇ ਦੇ ਸ਼ਹਿਰਾਂ ਤੋਂ ਰੂਸੀ ਫ਼ੌਜ ਵਾਪਸ ਜਾ ਰਹੀ ਹੈ। ਰੂਸੀ ਫ਼ੌਜ ਦੇ ਜਾਣ ਤੋਂ ਬਾਅਦ ਹੀ ਇਨ੍ਹਾਂ ਇਲਾਕਿਆਂ 'ਚ ਨਾਗਰਿਕਾਂ ਦੀਆਂ ਲਾਸ਼ਾਂ ਸਾਹਮਣੇ ਆਈਆਂ।