ਰੂਸ-ਯੂਕਰੇਨ ਯੁੱਧ : UN ਮੁਖੀ ਗੁਤਾਰੇਸ ਦੀ ਰੂਸ ਨੂੰ ਸ਼ਾਂਤੀ ਦਾ ਰਸਤਾ ਚੁਣਨ ਦੀ ਅਪੀਲ

by jaskamal

ਨਿਊਜ਼ ਡੈਸਕ : ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਯੂਕਰੇਨ ’ਚ ਵਿਸ਼ੇਸ਼ ਫੌਜੀ ਕਾਰਵਾਈ ਦੇ ਐਲਾਨ ਨੂੰ ‘ਆਪਣੇ ਕਾਰਜਕਾਲ ਦਾ ਸਭ ਤੋਂ ਦੁਖ਼ਦ ਪਲ’ਕਰਾਰ ਦਿੱਤਾ ਹੈ। ਪੁਤਿਨ ਨੇ ਵੀਰਵਾਰ ਨੂੰ ਪੂਰਬੀ ਯੂਕਰੇਨ ’ਚ ਵਿਸ਼ੇਸ਼ ਫੌਜੀ ਕਾਰਵਾਈ ਦਾ ਐਲਾਨ ਕੀਤਾ। ਗੁਤਾਰੇਸ ਨੇ ਕਿਹਾ, ‘‘ਸੰਯੁਕਤ ਰਾਸ਼ਟਰ ਦੇ ਮੁਖੀ ਵਜੋਂ ਮੇਰੇ ਕਾਰਜਕਾਲ ਦੌਰਾਨ ਇਹ ਇਕ ਦੁਖ਼ਦ ਪਲ ਹੈ। ਮੈਂ ਸੁਰੱਖਿਆ ਪ੍ਰੀਸ਼ਦ ਦੀ ਇਸ ਮੀਟਿੰਗ ਦੀ ਸ਼ੁਰੂਆਤ ਰਾਸ਼ਟਰਪਤੀ ਪੁਤਿਨ ਨੂੰ ਸੰਬੋਧਿਤ ਕਰਦੇ ਹੋਏ ਅਤੇ ਉਨ੍ਹਾਂ ਨੂੰ ਇਹ ਕਹਿੰਦਿਆਂ ਕੀਤੀ ਸੀ ਕਿ ਆਪਣੇ ਫੌਜੀਆਂ ਨੂੰ ਯੂਕਰੇਨ ’ਤੇ ਹਮਲਾ ਕਰਨ ਤੋਂ ਰੋਕਣ, ਸ਼ਾਂਤੀ ਦਾ ਰਸਤਾ ਚੁਣਨ ਕਿਉਂਕਿ ਪਹਿਲਾਂ ਹੀ ਬਹੁਤ ਸਾਰੀਆਂ ਜਾਨਾਂ ਜਾ ਚੁੱਕੀਆਂ ਹਨ।

ਉਨ੍ਹਾਂ ਕਿਹਾ ਕਿ ਇਹ ਮੀਟਿੰਗ ਚੱਲ ਰਹੀ ਸੀ ਕਿ ਪੁਤਿਨ ਨੇ ਡੋਨਬਾਸ ’ਚ ‘ਵਿਸ਼ੇਸ਼ ਫ਼ੌਜੀ ਮੁਹਿੰਮ’ ਦਾ ਐਲਾਨ ਕੀਤਾ। ਸਕੱਤਰ ਜਨਰਲ ਨੇ ਕਿਹਾ, ‘‘ਇਸ ਮੌਜੂਦਾ ਸਥਿਤੀ ’ਚ ਮੈਨੂੰ ਆਪਣੀ ਅਪੀਲ ਬਦਲਣੀ ਹੋਵੇਗੀ।’’ ਉਨ੍ਹਾਂ ਨੇ ਕਿਹਾ ਕਿ ‘‘ਮੈਨੂੰ ਕਹਿਣਾ ਪਵੇਗਾ ਰਾਸ਼ਟਰਪਤੀ ਪੁਤਿਨ ਮਨੁੱਖਤਾ ਦੇ ਨਾਂ ’ਤੇ ਰੂਸ ਵਿਚ ਆਪਣੇ ਫੌਜੀਆਂ ਨੂੰ ਵਾਪਸ ਲਿਆਵੇ।