ਰੂਸ ’ਚ ਵਿਰੋਧੀ ਧਿਰ ਦੇ ਆਗੂ ਅਲੈਕਸੇਈ ਨਵਾਲਨੀ ਮਾਸਕੋ ਹਵਾਈ ਅੱਡੇ ’ਤੋਂ ਗ੍ਰਿਫ਼ਤਾਰ

by vikramsehajpal

ਮਾਸਕੋ: (ਦੇਵ ਇੰਦਰਜੀਤ)- ਰੂਸ ’ਚ ਵਿਰੋਧੀ ਧਿਰ ਦੇ ਆਗੂ ਅਲੈਕਸੇਈ ਨਵਾਲਨੀ ਨੂੰ ਰਾਜਧਾਨੀ ਮਾਸਕੋ ਦੇ ਹਵਾਈ ਅੱਡੇ ’ਤੇ ਉਤਰਦਿਆਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨਵਾਲਨੀ ਨੂੰ ਐਤਵਾਰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਹ ਜਰਮਨੀ ਰਾਹੀਂ ਰੂਸ ਆਉਣ ਦਾ ਯਤਨ ਕਰ ਰਹੇ ਸਨ।

ਜ਼ਿਕਰਯੋਗ ਹੈ ਕਿ ਨਵਾਲਨੀ ਨੂੰ ਜ਼ਹਿਰ ਦੇ ਦਿੱਤਾ ਗਿਆ ਸੀ ਤੇ ਕਰੀਬ 5 ਮਹੀਨਿਆਂ ਬਾਅਦ ਉਹ ਤੰਦਰੁਸਤ ਹੋਏ ਹਨ। ਜ਼ਹਿਰ ਦੇਣ ਦਾ ਦੋਸ਼ ਉਨ੍ਹਾਂ ਕਰੈਮਲਿਨ (ਰੂਸ) ਉਤੇ ਲਾਇਆ ਸੀ। ਨਵਾਲਨੀ ਦੀ ਗ੍ਰਿਫ਼ਤਾਰੀ ਦੀ ਸੰਭਾਵਨਾ ਪਹਿਲਾਂ ਹੀ ਜਤਾਈ ਜਾ ਰਹੀ ਸੀ ਕਿਉਂਕਿ ਰੂਸ ਨੇ ਉਨ੍ਹਾਂ ’ਤੇ ਪੈਰੋਲ ਦੇ ਨੇਮਾਂ ਦੀ ਉਲੰਘਣਾ ਦਾ ਦੋਸ਼ ਲਾਇਆ ਸੀ। 2014 ’ਚ ਇਕ ਕੇਸ ਵਿਚ ਨਵਾਲਨੀ ਨੂੰ ਦੋਸ਼ੀ ਠਹਿਰਾ ਕੇ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਨਵਾਲਨੀ ਨੂੰ ਹੁਣ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਜਿਸ ਦੀ ਤਰੀਕ ਅਜੇ ਤੈਅ ਨਹੀਂ ਕੀਤੀ ਗਈ। ਰੂਸੀ ਵਿਰੋਧੀ ਧਿਰ ਦੇ ਆਗੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਰੂਸ ਤੇ ਪੱਛਮੀ ਜਗਤ ਵਿਚਾਲੇ ਤਣਾਅ ਵਧਣ ਦੇ ਅਸਾਰ ਹਨ।