ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਅਫਸਰਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕਰ ਰਿਹਾ ਹੈ, ਜਿਨ੍ਹਾਂ ਨੇ ਜੇਲ੍ਹ 'ਚ ਕੈਦੀਆਂ 'ਤੇ ਗੋਲ਼ੀਆਂ ਚਲਾਈਆਂ। ਨਾਲ ਹੀ ਅਕਾਲੀ ਦਲ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਅਸਤੀਫ਼ੇ ਦੀ ਮੰਗ ਕੀਤੀ। ਪਾਰਟੀ ਨੇ ਸਰਕਾਰ ਤੋਂ ਇਹ ਵੀ ਪੁੱਛਿਆ ਕਿ ਕਿਸ ਦੇ ਇਸ਼ਾਰੇ 'ਤੇ ਜੇਲ੍ਹ 'ਚ ਗੋਲ਼ੀਬਾਰੀ ਕਰਨ ਦਾ ਹੁਕਮ ਦਿੱਤਾ ਸੀ। ਸਾਬਕਾ ਮੰਤਰੀ ਤੇ ਸਾਹਨੇਵਾਲ ਤੋਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਜੇਲ੍ਹ 'ਚ ਮਾਰੇ ਗਏ ਸੰਨੀ ਸੂਦ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।ਮੀਡੀਆ ਨਾਲ ਗੱਲਬਾਤ ਕਰਦਿਆਂ ਢਿੱਲ਼ੋਂ ਨੇ ਕਿਹਾ ਕਿ ਜੇਲ੍ਹ ਮੁਲਾਜ਼ਮਾਂ ਨੂੰ ਕੈਦੀਆਂ ਨਾਲ ਕੁੱਟਮਾਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ।
ਸੰਨੀ ਸੂਦ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਦੋਂ ਸੰਨੀ ਨੇ ਜੇਲ੍ਹ ਅਧਿਕਾਰੀਆਂ ਨੂੰ ਜਬਰਨ ਵਸੂਲੀ ਦੀ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ। ਵਿਧਾਇਕ ਨੇ ਕਿਹਾ ਕਿ ਕੈਦੀਆਂ ਵਲੋਂ ਇਸ ਗੱਲ ਖ਼ਿਲਾਫ਼ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਤੇ ਜੇਲ੍ਹ ਮੁਲਾਜ਼ਮਾਂ ਨੇ ਕੈਦੀਆਂ 'ਤੇ ਗੋਲ਼ੀਆਂ ਚਲਾਈਆਂ।ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਜੇਲ੍ਹ 'ਚ ਕੈਦੀਆਂ ਕੋਲ ਕੋਈ ਹਥਿਆਰ ਨਹੀਂ ਸਨ ਤੇ ਗੋਲ਼ੀਬਾਰੀ ਦਾ ਕੋਈ ਕਾਰਨ ਨਹੀਂ ਸੀ। ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਉਸ ਦਾ ਸਾਥ ਦੇਵੇਗਾ। ਉਨ੍ਹਾਂ ਦੀ ਪਾਰਟੀ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਅਸਤੀਫ਼ੇ ਦੀ ਮੰਗ ਕਰਦੀ ਹੈ।


