ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਨੂੰ ਭਾਰਤ ਬੰਦ ਦਾ ਐਲਾਨ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਚਲਾ ਰਹੀ ਕਿਸਾਨਾਂ ਦੀ ਸਾਂਝੀ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਨੇ 26 ਮਾਰਚ ਨੂੰ ‘ਭਾਰਤ ਬੰਦ’ ਕਰਨ ਦਾ ਐਲਾਨ ਕੀਤਾ ਹੈ। 26 ਮਾਰਚ ਨੂੰ ਦਿੱਲੀ ਦੀਆਂ ਬਰੂਹਾਂ ਉਪਰ ਮੋਰਚੇ ਸਾਂਭੀ ਬੈਠੇ ਕਿਸਾਨਾਂ ਨੂੰ 4 ਮਹੀਨੇ ਹੋ ਜਾਣਗੇ ਅਤੇ ਇਸ ਦਿਨ ਅੰਦੋਲਨ ਨੂੰ ਹੋਰ ਸੂਬਿਆਂ ’ਚ ਫੈਲਾਉਣ ਲਈ ਦੇਸ਼ ’ਚ ਪੂਰਨ ਬੰਦ ਰੱਖਿਆ ਜਾਵੇਗਾ। ਇਸ ਤਹਿਤ ਅਦਾਰੇ, ਸਨਅਤਾਂ, ਬੱਸਾਂ ਅਤੇ ਰੇਲਾਂ ਵੀ ਜਾਮ ਹੋਣਗੀਆਂ। ਹਾੜੀ ਅਤੇ ਸਾਉਣੀ ਦੀਆਂ ਰੁੱਤਾਂ ਦੌਰਾਨ ਵੀ ਮੋਰਚਾ ਜਾਰੀ ਰਹੇਗਾ।

ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਮੋਰਚੇ ਦੀ ਬੈਠਕ ਵਿੱਚ ਮਾਰਚ ਮਹੀਨੇ ਦੇ ਪ੍ਰੋਗਰਾਮ ਤੈਅ ਕੀਤੇ ਗਏ। ਸ੍ਰੀ ਬੂਟਾ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 15 ਮਾਰਚ ਨੂੰ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਤੇ ਰੇਲਵੇ ਸਮੇਤ ਹੋਰ ਅਦਾਰਿਆਂ ਦੇ ਤੇਜ਼ੀ ਨਾਲ ਨਿੱਜੀਕਰਨ ਦੇ ਵਿਰੋਧ ’ਚ ਟਰੇਡ ਯੂਨੀਅਨਾਂ ਨਾਲ ਦੇਸ਼ ਪੱਧਰ ’ਤੇ ਐੱਸਡੀਐੱਮਜ਼ ਅਤੇ ਡੀਸੀਜ਼ ਨੂੰ ਮੰਗ ਪੱਤਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ 17 ਮਾਰਚ ਨੂੰ ਮੋਰਚੇ ਵੱਲੋਂ ਮਜ਼ਦੂਰ ਜਥੇਬੰਦੀਆਂ, ਵੱਖ-ਵੱਖ ਟਰਾਂਸਪੋਰਟਰਾਂ ਦੀਆਂ ਕੌਮੀ, ਸੂਬਾਈ ਜਥੇਬੰਦੀਆਂ ਤੇ ਹੋਰ ਯੂਨੀਅਨਾਂ ਨਾਲ ਮਿਲ ਕੇ ਸਿੰਘੂ ਬਾਰਡਰ ’ਤੇ ਕਨਵੈਸ਼ਨ ਕੀਤੀ ਜਾਵੇਗੀ ਜਿਸ ਵਿੱਚ 26 ਮਾਰਚ ਨੂੰ ਭਾਰਤ ਬੰਦ ਬਾਰੇ ਰੂਪ-ਰੇਖਾ ਉਲੀਕੀ ਜਾਵੇਗੀ।

ਪੰਜਾਬ ਦੀ ਮੁਜ਼ਾਰਾ ਲਹਿਰ ਦੀ ਯਾਦ ’ਚ ਸਿੰਘੂ ਅਤੇ ਹੋਰ ਮੋਰਚਿਆਂ ਉਪਰ ਵੱਡੀ ਪੱਧਰ ’ਤੇ 19 ਮਾਰਚ ਨੂੰ ਪ੍ਰੋਗਰਾਮ ਹੋਣਗੇ। ਇਸ ਦਿਨ ‘ਮੰਡੀ ਬਚਾਓ, ਖੇਤੀ ਬਚਾਓ’ ਦਿਵਸ ਮਨਾਉਂਦਿਆਂ ਐੱਫਸੀਆਈ ਨੂੰ ਖ਼ਤਮ ਕਰਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ। ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹਾਦਤ ਦਿਵਸ ਮੌਕੇ 23 ਮਾਰਚ ਨੂੰ ਦੇਸ਼ ਦੇ ਨੌਜਵਾਨਾਂ ਨੂੰ ਮੋਰਚਿਆਂ ਵਿੱਚ ਬਸੰਤੀ ਪੱਗਾਂ ਬੰਨ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। 28 ਮਾਰਚ ਨੂੰ ਹੋਲੀ ਤੇ ਹੋਲਾ ਮਹੱਲਾ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਜਿਸ ਦੀ ਰੂਪ ਰੇਖਾ ਉਲੀਕ ਕੇ ਦੱਸੀ ਜਾਵੇਗੀ।