ਸਵਿਤਾ ਪੂਨੀਆ ਨੂੰ ਮਿਲੀ ਕੌਮੀ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨੀ, ਖਿਡਾਰਣਾਂ ਨੂੰ ਦਿੱਤੇ ਇਹ ਨਿਰਦੇਸ਼

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟੋਕੀਓ ਓਲੰਪਿਕ ’ਚ ਕੌਮੀ ਮਹਿਲਾ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਪੂਨੀਆ ਨੂੰ 10ਵੇਂ ਮਹਿਲਾ ਏਸ਼ੀਆ ਹਾਕੀ ਕੱਪ ਲਈ ਇੰਡੀਅਨ ਟੀਮ ਦੀ ਕਪਤਾਨ ਨਾਮਜ਼ਦ ਕੀਤਾ ਗਿਆ ਹੈ। ਹਰਿਆਣੇ ਦੀ ਖਿਡਾਰਣ ਸਵਿਤਾ ਪੂਨੀਆ ਨੂੰ ਮਹਿਲਾ ਟੀਮ ਦੀ ਰੈਗੂਲਰ ਕਪਤਾਨ ਰਾਣੀ ਰਾਮਪਾਲ ਨੂੰ ਇੰਜਰੀ ਹੋਣ ਕਰ ਕੇ ਹਾਕੀ ਟੀਮ ’ਚ ਸਥਾਨ ਨਹੀਂ ਦਿੱਤਾ ਗਿਆ, ਜਿਸ ਕਰਕੇ ਮਹਿਲਾ ਹਾਕੀ ਟੀਮ ਦੀ ਸੀਨੀਅਰ ਖਿਡਾਰਣ ਤੇ ਗੋਲਕੀਪਰ ਸਵਿਤਾ ਪੂਨੀਆ ਨੂੰ ਟੀਮ ਦੀ ਵਾਗਡੋਰ ਸੌਂਪੀ ਗਈ ਹੈ। ਕਪਤਾਨ ਬਣਨ ’ਤੇ ਸਵਿਤਾ ਪੂਨੀਆ ਦਾ ਤਰਕ ਹੈ ਕਿ ਹਰ ਟੀਮ ਦੀ ਤਾਕਤ ਦੇ ਨਾਲ-ਨਾਲ ਕੋਈ ਨਾ ਕੋਈ ਕਮਜ਼ੋਰੀ ਵੀ ਹੁੰਦੀ ਹੈ। ਇਸ ਲਈ ਕੋਚਿੰਗ ਕੈਂਪ ਦੀ ਨਵੀਂ ਰਣਨੀਤੀ ਤਹਿਤ ਸਾਰੀਆਂ ਖਿਡਾਰਣਾਂ ਨੂੰ ਇਕ ਪਲਾਨ ਤਹਿਤ ਮੈਦਾਨ ’ਚ ਬਗੈਰ ਕਿਸੇ ਗੈਪ ਦੇ ਖੇਡਣਾ ਹੋਵੇਗਾ।

ਮਹਿਲਾ ਹਾਕੀ ਟੀਮ ਦੀ 31 ਸਾਲਾ ਕਪਤਾਨ ਤੇ ਗੋਲਕੀਪਰ ਸਵਿਤਾ ਪੂਨੀਆ ਨੂੰ ਕੌਮਾਂਤਰੀ ਹਾਕੀ ਫੈੱਡਰੇਸ਼ਨ ਵੱਲੋਂ ਸਾਲ-2021 ਲਈ ‘ਬੈਸਟ ਗੋਲਕੀਪਰ’ ਐਲਾਨਿਆ ਗਿਆ ਹੈ। ਸਵਿਤਾ ਪੂਨੀਆ ਨੂੰ ਮੁਕਾਬਲਾ ਜਿੱਤਣ ਲਈ 58.75 ਵੋਟਾਂ ਨਸੀਬ ਹੋਈਆਂ ਜਦਕਿ ਉਸ ਦੀ ਵਿਰੋਧੀ ਅਰਜਨਟੀਨਾ ਦੀ ਗੋਲਚੀ ਬੈਲੇਨ ਸੁਸੀ 22 ਗੋਲ ਹਾਸਲ ਕਰ ਕੇ ਦੂਜੇ ਸਥਾਨ ’ਤੇ ਰਹੀ। ਟੋਕੀਓ ਓਲੰਪਿਕ ਖੇਡਣ ਵਾਲੀ ਮਹਿਲਾ ਹਾਕੀ ਟੀਮ ਦੀ ਉਮਰਦਰਾਜ 31 ਸਾਲਾ ਗੋਲਕੀਪਰ ਸਵਿਤਾ ਪੂਨੀਆ 210 ਕੌਮਾਂਤਰੀ ਮੈਚ ਖੇਡਣ ਸਦਕਾ ਟੀਮ ਦੀ ਸਭ ਤੋਂ ਤਜੁਰਬੇਕਾਰ ਖਿਡਾਰਣ ਹੈ।