SC ਨੇ ਚਾਰ ਧਾਮ ਪ੍ਰਾਜੈਕਟ ਅਧੀਨ ਸੜਕਾਂ ਨੂੰ ਚੌੜਾ ਕਰਨ ਦੀ ਦਿੱਤੀ ਮਨਜ਼ੂਰੀ

by jaskamal

ਨਿਊਜ਼ ਡੈਸਕ (ਜਸਕਮਲ) : ਸੁਪਰੀਮ ਕੋਰਟ ਨੇ ਹਥਿਆਰਬੰਦ ਬਲਾਂ ਲਈ ਰਣਨੀਤਕ ਮਹੱਤਤਾ ਤੇ ਚੀਨ ਦੇ ਨਾਲ ਐੱਲਓਸੀ 'ਤੇ ਹਾਲ ਹੀ ਦੇ ਵਿਕਾਸ ਦੇ ਮੱਦੇਨਜ਼ਰ ਉੱਤਰਾਖੰਡ 'ਚ ਚਾਰਧਾਮ ਰੋਡ ਪ੍ਰਾਜੈਕਟ ਦੇ ਤਹਿਤ 10 ਮੀਟਰ ਚੌੜੀ ਸੜਕ ਦੇ ਨਿਰਮਾਣ ਦੀ ਮੰਗਲਵਾਰ ਨੂੰ ਇਜਾਜ਼ਤ ਦਿੱਤੀ।

ਸੁਪਰੀਮ ਕੋਰਟ ਨੇ  ਭਾਰਤ-ਚੀਨ ਸਰਹੱਦ ’ਤੇ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਐੱਨਡੀਏ ਸਰਕਾਰ ਦੇ ਵੱਕਾਰੀ ਚਾਰਧਾਮ ਡਬਲ ਲੇਨ ਸੜਕ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ।  ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਰਣਨੀਤਕ ਤੌਰ ’ਤੇ ਇਸ ਸੜਕ ਦੀ ਚੌੜਾ ਕਰਨਾ ਜ਼ਰੂਰੀ ਹੈ। ਚਾਰਧਾਮ ਸੜਕ ਪ੍ਰਾਜੈਕਟ, ਜੋ 900 ਕਿਲੋਮੀਟਰ ਲੰਬਾ ਹੈ, ਰਣਨੀਤਕ ਮਹੱਤਵ ਵਾਲਾ ਹੈ, ਜਿਸ ਦੀ ਲਾਗਤ ਲਗਪਗ 12,000 ਕਰੋੜ ਰੁਪਏ ਹੈ। ਰਣਨੀਤਕ ਪ੍ਰਾਜੈਕਟ ਦਾ ਉਦੇਸ਼ ਉੱਤਰਾਖੰਡ ਦੇ ਚਾਰ ਪਵਿੱਤਰ ਸ਼ਹਿਰਾਂ ਯਮੁਨੋਤਰੀ, ਗੰਗੋਤਰੀ, ਕੇਦਾਰਨਾਥ ਅਤੇ ਬਦਰੀਨਾਥ ਨੂੰ ਹਰ ਮੌਸਮ 'ਚ ਜੋੜੀ ਰੱਖਣਾ ਹੈ।

ਜਸਟਿਸ ਡੀ ਵਾਈ ਚੰਦਰਚੂੜ ਦੀ ਬੈਂਚ, ਜਿਸ ਨੇ 11 ਨਵੰਬਰ ਨੂੰ ਇਸ ਮੁੱਦੇ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ, ਨੇ ਕਿਹਾ ਕਿ ਇਸ ਨੇ ਰਾਸ਼ਟਰੀ ਸੁਰੱਖਿਆ ਲਈ ਮਹੱਤਵਪੂਰਨ ਰਣਨੀਤਕ ਸੜਕਾਂ ਨੂੰ ਚੌੜਾ ਕਰਨ ਦੀ ਜ਼ਰੂਰਤ ਤੇ ਵਾਤਾਵਰਣ ਲਈ ਮਹੱਤਵਪੂਰਨ ਡੂੰਘੀਆਂ ਜੜ੍ਹਾਂ ਵਾਲੇ ਟਿਕਾਊ ਵਿਕਾਸ ਸਿਧਾਂਤ ਵਿਚਕਾਰ ਨਾਜ਼ੁਕ ਸੰਤੁਲਨ ਕਾਇਮ ਕੀਤਾ ਹੈ।