ਕੋਟ ਈਸੇ ਖਾਂ (ਇੰਦਰਜੀਤ ਸਿੰਘ) : ਜ਼ਿਲ੍ਹੇ ਦੇ ਪਿੰਡ ਜਨੇਰ ਨੇੜੇ ਧੁੰਦ ਕਾਰਨ ਇਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਨਾਲ ਬੱਸ 'ਚ ਸਵਾਰ 22 ਬੱਚੇ ਜ਼ਖ਼ਮੀ ਹੋ ਗਏ। ਬੱਸ ਚਾਲਕ ਵੀ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ 'ਚ ਕਈਆਂ ਦੀ ਹਾਲਤ ਗੰਭੀਰ ਹੈ। ਬੱਸ ਓਵਰਟੇਕ ਕਰਨ ਦੌਰਾਨ ਇਕ ਟਰੱਕ ਨਾਲ ਟਕਰਾ ਗਈ ਤੇ ਕਈ ਪਲਟੀਆਂ ਖ਼ਾਦੇ ਹੋਏ ਸੜਕ ਕਿਨਾਰੇ ਖੇਤਾਂ 'ਚ ਜਾ ਕੇ ਪਲਟ ਗਈ। ਟੂਰਸਿਟ ਟੈਂਪੋ ਟ੍ਰੇਵਲਰ ਨੂੰ ਸਕੂਲ ਬੱਸ ਦੇ ਰੂਪ 'ਚ ਇਸਤੇਮਾਲ ਕੀਤਾ ਜਾ ਰਿਹਾ ਸੀ।
12 ਸੀਟਰ ਇਸ ਵਾਹਨ 'ਚ ਕਰੀਬ 40 ਬੱਚੇ ਸਵਾਰ ਸਨ। ਸਕੂਲ ਬੱਸ 'ਚ ਕੁੜੀਆਂ ਹੋਣ ਦੇ ਬਾਵਜੂਦ ਕੋਈ ਮਹਿਲਾ ਮੁਲਾਜ਼ਮ ਨਹੀਂ ਸੀ। ਇਹੀ ਨਹੀਂ ਸਕੂਲ ਬੱਸ ਤੇ ਸਕੂਲ ਦਾ ਨਾਂ ਵੀ ਦਰਜ ਨਹੀਂ ਸੀ। ਜਾਣਕਾਰੀ ਮੁਤਾਬਿਕ ਸ਼ਹਿਰ 'ਚ ਦੋਸਾਂਝ ਰੋਡ ਸਥਿਤ ਸੈਕ੍ਰਡ ਹਾਰਟ ਸਕੂਲ ਦੇ ਕਿੰਡਰ ਗਾਰਡਨ ਵਿੰਗ ਦੇ ਬੱਚਿਆਂ ਨੂੰ ਲੈ ਕੇ ਸਕੂਲ ਬੱਸ ਕੋਟ ਈਸੇ ਖ਼ਾਂ ਤੋਂ ਮੋਗਾ ਆ ਰਹੀ ਸੀ। 12 ਸੀਟਰ ਟੈਂਪੋ ਟ੍ਰੈਵਲਰ 'ਚ ਜ਼ਖ਼ਮੀ ਚਾਲਕ ਕੁਲਦੀਪ ਸਿੰਘ ਮੁਤਾਬਿਕ 40 ਬੱਚੇ ਸਵਾਰ ਸਨ।



