ਸ਼ੱਕੀ ਹਾਲਾਤ ‘ਚ ਅਧਿਆਪਕਾ ਨੇ ਕੀਤੀ ਖੁਦਕੁਸ਼ੀ, ਕੰਧ ‘ਤੇ ਲਿਖਿਆ ਸੁਸਾਈਡ ਨੋਟ

by jaskamal

ਨਿਊਜ਼ ਡੈਸਕ : ਪਿੰਡ ਮਿਆਣੀ ਭੱਗੂਪੁਰੀਆ ਵਿਖੇ ਬੀਤੀ ਰਾਤ ਇਕ ਅਧਿਆਪਕਾ ਨੇ ਆਪਣੇ ਘਰ 'ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਨਮਰਤਾ ਸ਼ਰਮਾ ਪਤਨੀ ਵਿਸ਼ਾਲ ਬਜਾਜ ਪਿੰਡ ਮਿਆਣੀ ਭੱਗੂਪੁਰੀਆ, ਜੋ ਬੇਗੋਵਾਲ ਤੋਂ ਨੇੜਲੇ ਪਿੰਡ ਭਦਾਸ ਦੇ ਸਰਕਾਰੀ ਪ੍ਰਾਇਮਰੀ ਸਕੂਲ ਭਦਾਸ ਵਿਖੇ ਅਧਿਆਪਕਾ ਸੀ, ਜਿਸ ਨੇ ਬੀਤੀ ਰਾਤ ਆਪਣੇ ਘਰ 'ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਬੇਗੋਵਾਲ ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਅਧਿਆਪਕਾ ਦੇ ਪਤੀ ਵਿਸ਼ਾਲ ਬਜਾਜ ਨੇ ਦੱਸਿਆ ਕਿ ਉਹ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੰਡਕੁੱਲਾ ਵਿਖੇ ਬਤੌਰ ਈਟੀਟੀ ਅਧਿਆਪਕ ਲੱਗਾ ਹੋਇਆ ਹੈ। 2 ਮਈ ਨੂੰ ਉਹ ਆਪਣੇ ਘਰ 'ਚ ਹਾਜ਼ਰ ਸੀ, ਉਸ ਦੀ ਪਤਨੀ ਨਮਰਤਾ ਸ਼ਰਮਾ ਕਰੀਬ 9.30 ਵਜੇ ਸਵੇਰੇ ਡਿਊਟੀ 'ਤੇ ਸਰਕਾਰੀ ਪ੍ਰਾਇਮਰੀ ਸਕੂਲ ਭਦਾਸ ਗਈ ਤੇ ਕਰੀਬ 12.15 ਵਜੇ ਉਹ ਸਕੂਲ ਤੋਂ ਘਰ ਵਾਪਸ ਆ ਗਈ। ਨਮਰਤਾ ਸ਼ਰਮਾ ਨੇ ਦੱਸਿਆ ਕਿ ਉਸ ਦੀ ਮੈਡਮ ਰਵਨੀਤ ਕੌਰ ਤੇ ਮਨਦੀਪ ਕੌਰ ਨਾਲ ਸਕੂਲ ਲੇਟ ਜਾਣ ਤੋਂ ਬਹਿਸ ਹੋਈ ਹੈ। ਉਨ੍ਹਾਂ ਨੇ ਉਸ ਨੂੰ ਜ਼ਲੀਲ ਕੀਤਾ ਤੇ ਮਾੜਾ ਚੰਗਾ ਬੋਲਿਆ ਹੈ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ।

SHO ਹਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਵੱਲੋਂ ਕਮਰੇ ਦੀ ਕੰਧ ’ਤੇ ਲਿਖਿਆ ਸੁਸਾਈਡ ਨੋਟ ਵੀ ਮਿਲਿਆ ਹੈ। ਇਸ ਸਬੰਧੀ ਦੋ ਅਧਿਆਪਕਾਂ ਰਵਨੀਤ ਕੌਰ ਤੇ ਮਨਦੀਪ ਕੌਰ ਖਿਲਾਫ਼ ਧਾਰਾ 306, 34 ਤਹਿਤ ਕੇਸ ਦਰਜ ਕੀਤਾ ਹੈ ਤੇ ਇਨ੍ਹਾਂ ਦੋਵਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।