ਛੱਤੀਸਗੜ੍ਹ ‘ਚ ਝੰਡੇ ਨੂੰ ਲੈ ਵਿਵਾਦ ਤੋਂ ਬਾਅਦ ਧਾਰਾ 144 ਲਾਗੂ

by vikramsehajpal

ਛੱਤੀਸਗੜ੍ਹ (ਦੇਵ ਇੰਦਰਜੀਤ) : ਛੱਤੀਸਗੜ੍ਹ ਦੇ ਕਵਰਧਾ ਵਿੱਚ ਝੰਡਾ ਲਗਾਉਣ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਉੱਥੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਕਵਰਧਾ ਵਿੱਚ ਧਾਰਾ 144 ਲਾਗੂ ਹੈ ਤਾਂ ਉਥੇ ਹੀ ਪੁਲਸ ਨੇ ਵੀਡੀਓ ਫੁਟੇਜ ਦੇ ਆਧਾਰ 'ਤੇ 70 ਲੋਕਾਂ ਦੀ ਪਛਾਣ ਵੀ ਕਰ ਲਈ ਹੈ ਜਿਨ੍ਹਾਂ ਵਿਚੋਂ 50 ਤੋਂ ਜ਼ਿਆਦਾ ਲੋਕ ਹੁਣ ਤੱਕ ਗ੍ਰਿਫਤਾਰ ਹੋ ਚੁੱਕੇ ਹਨ।

ਦਰਅਸਲ ਐਤਵਾਰ ਨੂੰ ਕੁਝ ਨੌਜਵਾਨਾਂ ਨੇ ਕਵਰਧਾ ਦੇ ਲੋਹਾਰਾ ਨਾਕਾ ਚੌਕ 'ਤੇ ਆਪਣਾ ਝੰਡਾ ਲਹਿਰਾਇਆ ਸੀ, ਜਿਸ ਤੋਂ ਬਾਅਦ ਦੁਰਗੇਸ਼ ਨਾਂ ਦੇ ਨੌਜਵਾਨ ਦੀ ਕੁੱਟਮਾਰ ਕੀਤੀ ਗਈ। ਇਸ ਕੁੱਟਮਾਰ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਝੜਪ ਹੋ ਗਈ ਅਤੇ ਇਸ ਦੌਰਾਨ ਦੋਵਾਂ ਪਾਸਿਓਂ ਭਾਰੀ ਪੱਥਰਬਾਜ਼ੀ ਹੋਈ।

ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕਰ ਦਿੱਤੀ ਸੀ ਪਰ ਇਸ ਦੇ ਬਾਵਜੂਦ ਮੰਗਲਵਾਰ ਨੂੰ ਇੱਕ ਸੰਗਠਨ ਨੇ ਕਵਰਧਾ ਬੰਦ ਦਾ ਸੱਦਾ ਦਿੱਤਾ ਅਤੇ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਕੁਝ ਥਾਵਾਂ 'ਤੇ ਪਥਰਾਅ ਕੀਤਾ ਅਤੇ ਭੰਨਤੋੜ ਵੀ ਕੀਤੀ। ਸਥਿਤੀ ਨੂੰ ਸੰਭਾਲਣ ਲਈ ਪੁਲਸ ਨੇ ਲਾਠੀਚਾਰਜ ਕੀਤਾ ਅਤੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਵਰਤੇ।

ਗੜਬੜੀ ਤੋਂ ਬਾਅਦ ਪੁਲਸ ਨੇ ਕਵਰਧਾ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ। ਹਜ਼ਾਰਾਂ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਸ਼ਹਿਰ ਵਿੱਚ ਫਲੈਗ ਮਾਰਚ ਵੀ ਕੀਤੇ ਗਏ ਹਨ। ਵੀਡੀਓ ਫੁਟੇਜ ਤੋਂ ਦੰਗਿਆਂ ਵਿੱਚ ਸ਼ਾਮਲ ਲਗਭਗ 70 ਲੋਕਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਵਿੱਚੋਂ ਲਗਭਗ 58 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਾਵਧਾਨੀ ਦੇ ਤੌਰ 'ਤੇ ਕਵਰਧਾ ਵਿੱਚ ਸਾਰੇ ਵਪਾਰਕ ਅਦਾਰੇ ਅਤੇ ਵਿਦਿਅਕ ਅਦਾਰੇ ਇਸ ਵੇਲੇ ਬੰਦ ਰੱਖੇ ਗਏ ਹਨ।