ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੌਮਾਂਤਰੀ ਕਬੱਡੀ ਕੱਪ ਦੇ ਸੈਮੀਫਾਈਨਲ ਮੈਚ ਹੋਣਗੇ

by mediateam

ਸ੍ਰੀ ਅਨੰਦਪੁਰ ਸਾਹਿਬ (ਇੰਦਰਜੀਤ ਸਿੰਘ) : ਅੱਠ ਦਸੰਬਰ ਨੂੰ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੌਮਾਂਤਰੀ ਕਬੱਡੀ ਕੱਪ ਦੇ ਸੈਮੀਫਾਈਨਲ ਮੈਚ ਹੋਣਗੇ ਜਿਸ ਵਿਚ ਭਾਰਤ ਦਾ ਅਮਰੀਕਾ ਨਾਲ ਅਤੇ ਕੈਨੇਡਾ ਦਾ ਇੰਗਲੈਂਡ ਨਾਲ ਹੋਵੇਗਾ ਮੁਕਾਬਲਾ ਹੋਵੇਗਾ। ਮੈਚਾਂ ਦੀਆਂ ਤਿਆਰੀਆਂ ਲਈ ਸਮੁੱਚਾ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਪਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਨੰਦਪੁਰ ਵਿਚ ਪਹਿਲੀ ਵਾਰ ਕਰਵਾਏ ਜਾ ਰਹੇੇ ਕੌਮਾਂਤਰੀ ਕਬੱਡੀ ਕੱਪ 2019 ਦੇ ਸੈਮੀਫਾਈਨਲ ਮੈਚ ਸਬੰਧੀ ਉੱਪ ਮੰਡਲ ਮੈਜਿਸਟ੍ਰੇਟ ਕਨੂੰ ਗਰਗ ਨੇ ਦੱਸਿਆ ਕਿ ਇਹ ਮੈਚ ਚਰਨ ਗੰਗਾ ਸਪੋਰਟਸ ਸਟੇਡੀਅਮ ਵਿਖੇ ਹੋਣਗੇ।

ਉੁਨ੍ਹਾਂ ਦੱਸਿਆ ਕਿ ਕੁੱਲ ਚਾਰ ਟੀਮਾਂ ਦੋ ਮੈਚ ਖੇਡਣਗੀਆਂ ਜਿਸ ਨੂੰ ਦੇਖਣ ਲਈ ਪੰਜ ਹਜ਼ਾਰ ਦੇ ਕਰੀਬ ਦਰਸ਼ਕਾਂ ਦੇ ਆਉਣ ਦਾ ਅਨੁਮਾਨ ਹੈ। ਸਵੇਰੇ 11 ਵਜੇ ਤੋਂ ਮੈਚ ਸ਼ੁਰੂ ਹੋਣਗੇ ਜੋ ਸ਼ਾਮ ਚਾਰ ਵਜੇ ਤਕ ਚੱਲਣਗੇ। ਦਰਸ਼ਕਾਂ ਦੇ ਬੈਠਣ, ਪੀਣ ਵਾਲਾ ਪਾਣੀ, ਸਫਾਈ, ਪਖਾਨੇ ਆਦਿ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਟੇਡੀਅਮ ਦੀ ਸਜਾਵਟ ਅਤੇ ਇਸ ਨੂੰ ਆਉਣ ਵਾਲੇ ਰਸਤਿਆਂ ਦੀ ਸਫਾਈ ਦੇ ਪ੍ਰਬੰਧ ਕੀਤੇ ਗਏ ਹਨ, ਕਬੱਡੀ ਮੈਚਾਂ ਦੌਰਾਨ ਪੰਜਾਬ ਦੇ ਸੱਭਿਆਚਾਰ ਤੇ ਵਿਰਸੇ ਨੂੰ ਦਰਸਾਉਂਦੇ ਪ੍ਰਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ। 

ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਡਿਉੂਟੀ ਕਰਨ ਦੀ ਪ੍ਰਰੇਰਨਾ ਦਿੱਤੀ। ਇਸ ਮੋਕੇ ਡੀਐੱਸਪੀ ਰਛਪਾਲ ਸਿੰਘ, ਤਹਿਸੀਲਦਾਰ ਰਾਮ ਕਿਸ਼ਨ, ਐਸਐੱਚਓ ਭਾਰਤ ਭੂਸ਼ਣ, ਸੀਡੀਪੀਓ ਪੂਜਾ ਗੁਪਤਾ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼ਰਨਜੀਤ ਸਿੰਘ, ਜ਼ਿਲ੍ਹਾ ਖੇਡ ਅਫਸਰ ਸ਼ੀਲ ਭਗਤ ਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।