PM ਇਮਰਾਨ ਵਿਰੁੱਧ ਹੋ ਸਕਦੀ ਐ ਕਾਰਵਾਈ; PML-N ਨੇ ਲਾਏ ਇਹ ਗੰਭੀਰ ਦੋਸ਼

by jaskamal

ਨਿਊਜ਼ ਡੈਸਕ : ਪਾਕਿਸਤਾਨ 'ਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨ ਮੁਸਲਿਮ ਲੀਗ (PML-N) ਦੀ ਬੁਲਾਰਾ ਮਰੀਅਮ ਔਰੰਗਜ਼ੇਬ ਨੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਵਿਰੁੱਧ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਨਿੱਜੀ ਨਿਊਜ਼ ਚੈਨਲ ਮੁਤਾਬਕ ਇਮਰਾਨ ਖਾਨ ਨੇ ਖੈਬਰ ਪਖਤੂਨਖਵਾ ਦੇ ਲੋਕਲ ਬਾਡੀ ਚੋਣਾਂ ਨੂੰ ਲੈ ਕੇ ਹੋਈ ਰੈਲੀ 'ਚ ਸੂਬੇ ਦੇ ਸੰਸਾਧਨਾਂ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਇਸ ਲਈ ਇਮਰਾਨ ਖ਼ਾਨ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

ਮਰੀਅਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜੋ ਕੀਤਾ ਹੈ, ਉਹ ਪਾਕਿਸਤਾਨ ਦੇ ਚੋਣ ਕਮਿਸ਼ਨ ਦੀ ਧਾਰਾ 181, 234 ਅਤੇ 233 ਦੀ ਸਿੱਧੀ ਉਲੰਘਣਾ ਹੈ। ਮਰੀਅਮ ਨੇ ਇੱਥੋਂ ਤੱਕ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਾਹਮਣੇ ਜੋ ਪੇਸ਼ ਕੀਤਾ, ਉਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਕਾਨੂੰਨ ਤੇ ਸੰਵਿਧਾਨ ਦੀ ਨਾ ਤਾਂ ਕੋਈ ਪਰਵਾਹ ਹੈ ਅਤੇ ਨਾ ਹੀ ਕੋਈ ਸਨਮਾਨ ਹੈ।