SGPC ਦਾ ਸਿੱਖ ਕੌਮ ਨੂੰ ਸੰਦੇਸ਼ : ‘ਖ਼ਾਲਸਾ ਸਾਜਨਾ ਦਿਵਸ ਮੌਕੇ 13 ਅਪ੍ਰੈਲ ਨੂੰ ਹਰ ਸਿੱਖ ਆਪਣੇ ਘਰਾਂ ‘ਤੇ ਝੁਲਾਏ ਖ਼ਾਲਸਾਈ ਨਿਸ਼ਾਨ’

by jagjeetkaur

ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਹੋਈ। ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਸ਼ਾਮਲ ਹੋਏ।

ਇਕੱਤਰਤਾ ਵਿਚ ਵਿਚਾਰਾਂ ਕਰ ਕੇ ਅਹਿਮ ਫ਼ੈਸਲੇ ਲਏ ਗਏ। ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਖ਼ਾਲਸਾ ਸਾਜਨਾ ਦਿਵਸ ਦੇ 325 ਸਾਲ ਪੂਰੇ ਹੋਣ ‘ਤੇ 13 ਅਪ੍ਰੈਲ 2024 ਨੂੰ ਹਰ ਸਿੱਖ ਆਪਣੇ ਘਰਾਂ ਉੱਪਰ ਖ਼ਾਲਸਾਈ ਨਿਸ਼ਾਨ ਝੁਲਾ ਕੇ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਗਟਾਵਾ ਕਰੇ। ਇਸ ਦੇ ਨਾਲ ਹੀ ਸਾਰੀ ਕੌਮ ਨੂੰ ਸੰਦੇਸ਼ ਹੈ ਕਿ ਆਓ! ਅਗਿਆਨਤਾ ਰੂਪੀ ਆਤਮਿਕ ਧੁੰਦੂਕਾਰੇ ਵਿਚੋਂ ਬਾਹਰ ਨਿਕਲ ਕੇ ਸੱਚ-ਧਰਮ ਦੇ ਪਾਂਧੀ ਬਣਨ ਦੇ ਯਤਨ ਕਰਦਿਆਂ ਸਾਬਤ-ਸੂਰਤ ਹੋ ਕੇ ਅੰਮ੍ਰਿਤਧਾਰੀ ਹੋਈਏ ਅਤੇ ਦਸਮੇਸ਼ ਪਿਤਾ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਪਣਾ ਪੂਰਾ ਸਰਬੰਸ ਵਾਰ ਕੇ ਸਾਡੇ ਲਈ ਖੁਸ਼ਹਾਲ ਕੀਤੀ ਖ਼ਾਲਸਾਈ ਫੁਲਵਾੜੀ ਦੀ ਮਹਾਨ ਵਿਰਾਸਤ ਦੇ ਵਾਰਿਸ ਬਣੀਏ।