ਸ਼ਰਮਨਾਕ! ਵਿਆਹ ਦੌਰਾਨ ਪਾਪੜ ਵਾਲੇ ਦਾ ਕਤਲ, ਲਾਸ਼ ਕੋਲ਼ ਰੱਖ ਦਾਅਵਤ ਖਾਂਦੇ ਰਹੇ ਮਹਿਮਾਨ, (ਵੀਡੀਓ)

by jaskamal

ਨਿਊਜ਼ ਡੈਸਕ : ਪਾਕਿਸਤਾਨ ਪੰਜਾਬ ਸੂਬੇ ਦੇ ਪੱਟੋਕੀ ਸ਼ਹਿਰ ’ਚ ਇਕ ਵਿਆਹ ਸਮਾਗਮ ਦੌਰਾਨ ਹੋਏ ਵਿਵਾਦ ’ਚ ਇਕ ਪਾਪੜ ਵਾਲੇ ਨੂੰ ਮਹਿਮਾਨਾਂ ਨੇ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਕਤਲ ਤੋਂ ਬਾਅਦ ਇਹ ਮਹਿਮਾਨ ਬਿਨਾਂ ਕਿਸੇ ਚਿੰਤਾ ਦੇ ਲਾਸ਼ ਨੇੜੇ ਜਸ਼ਨ ਮਨਾਉਂਦੇ ਰਹੇ। ਇਸ ਘਟਨਾ ਦੀ ਸ਼ਰਮਨਾਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ’ਚ ਰੋਸ ਫੈਲ ਗਿਆ ਹੈ। ਇਕ ਨਿੱਜੀ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਵਾਇਰਲ ਹੋਈ ਇਕ ਵੀਡੀਓ ’ਚ ਦਿਖ ਰਿਹਾ ਹੈ ਕਿ ਕਤਲ ਤੋਂ ਬਾਅਦ ਲਾਸ਼ ਫਰਸ਼ ’ਤੇ ਪਈ ਰਹੀ ਅਤੇ ਵਿਆਹ ’ਚ ਆਏ ਮਹਿਮਾਨ ਬਿਨਾਂ ਕਿਸੇ ਚਿੰਤਾ ਦੇ ਕਬਾਬ ਤੇ ਬਿਰਿਆਨੀ ਦਾ ਆਨੰਦ ਲੈਂਦੇ ਰਹੇ। ਮ੍ਰਿਤਕ ਦੀ ਪਛਾਣ ਅਸ਼ਰਫ ਉਰਫ਼ ਸੁਲਤਾਨ ਵਜੋਂ ਹੋਈ ਹੈ। ਪੰਜਾਬ (ਪਾਕਿਸਤਾਨ ਦੇ) ਪੁਲਸ ਨੇ ਕਤਲ ਦੇ ਇਸ ਮਾਮਲੇ ’ਚ ਮੈਰਿਜ ਹਾਲ ਦੇ ਮੈਨੇਜਰ ਸਮੇਤ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਪੰਜਾਬ ਫੋਰੈਂਸਿਕ ਸਾਇੰਸ ਏਜੰਸੀ (ਪੀਐੱਫਐੱਸਏ) ਦੀ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕਰ ਲਏ ਹਨ।

ਇਸ ਦਰਮਿਆਨ ਜ਼ਿਲ੍ਹਾ ਪੁਲਸ ਅਫ਼ਸਰ (ਡੀਪੀਓ) ਕਸੂਰ ਨੇ ਦੱਸਿਆ ਕਿ ਉਨ੍ਹਾਂ ਨੇ ਸੀਸੀਟੀਵੀ ਕੈਮਰੇ ਤੇ ਵੀਡੀਓ ਸਣੇ ਹੋਰ ਸਬੂਤ ਇਕੱਠੇ ਕੀਤੇ ਹਨ, ਜਿਨ੍ਹਾਂ ਦੀ ਮਦਦ ਨਾਲ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬਜਦਾਰ ਨੇ ਵੀ ਪੁਲਿਸ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ।