ਸ਼ੌਰਿਆ ਗੋਇਲ ਨੇ (ਨੀਟ) 720 ’ਚੋਂ 720 ਅੰਕ ਪ੍ਰਾਪਤ ਕਰ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ

by nripost

ਬੁਢਲਾਡਾ :(ਹਰਮੀਤ )-ਨੈਸ਼ਨਲ ਐਲਿਜੀਬਿਲਟੀ ਕਮ ਪ੍ਰਵੇਸ਼ ਪ੍ਰੀਖਿਆ (ਨੀਟ)-2024 ’ਚੋਂ ਜ਼ਿਲ੍ਹਾ ਮਾਨਸਾ ਦੇ ਬੁਢਲਾਡਾ ਸ਼ਹਿਰ ਦਾ ਨੌਜਵਾਨ 720 ’ਚੋਂ 720 ਅੰਕ ਪ੍ਰਾਪਤ ਕਰ ਕੇ ਦੇਸ਼ ਭਰ ’ਚੋਂ ਮੋਹਰੀ ਰਿਹਾ ਹੈ।

ਸਿਹਤ ਵਿਭਾਗ ਪੰਜਾਬ ’ਚ ਬਤੌਰ ਸਰਜਨ ਸੇਵਾਵਾਂ ਨਿਭਾਅ ਰਹੇ ਡਾ. ਸੁਨੀਲ ਕੁਮਾਰ ਗੋਇਲ ਅਤੇ ਔਰਤ ਰੋਗਾਂ ਦੇ ਮਾਹਰ ਡਾ. ਸ਼ਾਲਿਕਾ ਗੋਇਲ ਦਾ ਹੋਣਹਾਰ ਬੇਟਾ ਸ਼ੌਰਿਆ ਗੋਇਲ ਆਪਣੇ ਮਾਤਾ-ਪਿਤਾ ਵਾਂਗ ਵਿਸ਼ੇਸ਼ ਰੋਗ ਮਾਹਿਰ ਡਾਕਟਰ ਬਣ ਕੇ ਲੋੜਵੰਦਾਂ ਦੀ ਸੇਵਾ ਕਰਨਾ ਚਾਹੁੰਦਾ ਹੈ।

ਵਿਦਿਆਰਥੀ ਸ਼ੌਰਿਆ ਗੋਇਲ ਦੇ ਦਾਦਾ ਐਡਵੋਕੇਟ ਸ਼ਤੀਸ਼ ਕੁਮਾਰ ਗੋਇਲ ਸੇਵਾ ਮੁਕਤ ਚੀਫ਼ ਮੈਨੇਜਰ ਨੇ ਦੱਸਿਆ ਕਿ ਸ਼ੌਰਿਆ ਮਿਹਨਤੀ ਨੌਜਵਾਨ ਹੈ ਜਿਸ ਨੇ ਵਿਦਿਅਕ ਸ਼ੈਸ਼ਨ 2023-24 ਦੌਰਾਨ ਸੀ.ਬੀ.ਐਸ.ਸੀ. ਬੋਰਡ ਦੀ ਬਾਰਵੀਂ (ਮੈਡੀਕਲ) 96.4 ਫੀਸਦੀ ਅੰਕਾਂ ਨਾਲ ਪਾਸ ਕਰਨ ਉਪਰੰਤ ‘ਹੈਲੇਕਸ ਚੰਡੀਗੜ੍ਹ’ ਵਿਖੇ ‘ਨੀਟ’ ਪ੍ਰਵੇਸ਼ ਪ੍ਰੀਖਿਆਂ ਦੀ ਤਿਆਰੀ ਕੀਤੀ ਸੀ। ਆਪਣੇ ਮਾਤਾ ਪਿਤਾ ਵਾਂਗ ਨਰਮ ਸੁਭਾਅ ਦੇ ਸ਼ੌਰਿਆ ਗੋਇਲ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਅਤੇ ਮਾਤਾ-ਪਿਤਾ ਨੂੰ ਦਿੱਤਾ।

ਇਸ ਮੌਕੇ ਇਸ ਪਰਿਵਾਰ ਦੇ ਆਂਢ-ਗੁਆਂਢ ਦੇ ਲੋਕਾਂ ਨੇ ਖੁਸ਼ੀ ਪ੍ਰਗਟਾਉਂਦਿਆਂ ਗੋਇਲ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਇਸ ਸ਼ਾਨਦਾਰ ਕਾਰਗੁਜ਼ਾਰੀ ਲਈ ਗੋਇਲ ਪਰਿਵਾਰ ਨੂੰ ਵਧਾਈ ਦਿੰਦਿਆਂ ਸਿਵਲ ਹਸਪਤਾਲ ਬੁਢਲਾਡਾ ਦੇ ਐਸ.ਐਮ.ਓ. ਅਤੇ ਸਮੂਹ ਸਟਾਫ ਨੇ ਕਿਹਾ ਕਿ ਇਸ ਨੌਜਵਾਨ ਨੇ ਸ਼ਹਿਰ ਬੁਢਲਾਡਾ ਸਮੇਤ ਸਮੁੱਚੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰ ਕੇ ਇੱਕ ਮਿਸਾਲ ਪੈਦਾ ਕੀਤੀ ਹੈ ਜਿਸ ਤੋਂ ਇਲਾਕੇ ਦੇ ਹੋਰਨਾਂ ਨੌਜਵਾਨਾਂ ਨੂੰ ਵੀ ਪੇ੍ਰਰਨਾ ਮਿਲੇਗੀ।