ਕੇਪੀ ਸ਼ਰਮਾ ਓਲੀ ਦੇ ਅਸਤੀਫ਼ੇ ਤੋਂ ਬਾਅਦ ਸ਼ੇਰ ਬਹਾਦੁਰ ਦੇਓਬਾ ਨੇ PM ਵਜੋਂ ਸੰਭਾਲੀ ਕਮਾਨ

by vikramsehajpal

ਕਾਠਮੰਡੂ (ਦੇਵ ਇੰਦਰਜੀਤ) : ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦੇਉਬਾ ਨੇ ਦੇਸ਼ ਦੀ ਇਕ ਕਮਾਂਡ ਸੰਭਾਲ ਲਈ ਹੈ। ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ 'ਤੇ ਮੰਗਲਵਾਰ ਨੂੰ ਨਿਯੁਕਤ ਕਰ ਦਿੱਤਾ। ਦੇਉਬਾ ਦੀ ਇਹ ਨਿਯੁਕਤੀ ਸੁਪਰੀਮ ਕੋਰਟ ਦੇ ਹੁਕਮ 'ਤੇ ਹੋਈ। ਪੰਜਵੀ ਵਾਰ ਨੇਪਾਲ ਦੇ ਪੀਐੱਮ ਬਣਨ ਵਾਲੇ ਦੇਉਬਾ ਨੂੰ ਭਾਰਤ ਸਮਰਥਕ ਮੰਨਿਆ ਜਾਂਦਾ ਹੈ। ਇਸ ਦੌਰਾਨ ਇਸ ਹਿਮਾਲਿਆਈ ਦੇਸ਼ ਦੇ ਚੋਣ ਕਮਿਸ਼ਨ ਨੇ 12 ਤੇ 19 ਨਵੰਬਰ ਨੂੰ ਹੋਣ ਵਾਲੀਆਂ ਸੰਸਦੀ ਚੋਣਾਂ ਮੁਲਤਵੀ ਕਰ ਦਿੱਤੀਆਂ।

ਨੇਪਾਲ ਦੇ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੇ ਉਸ ਹੁਕਮ ਨੂੰ ਪਲਟ ਦਿੱਤਾ, ਜਿਸ 'ਚ ਬੀਤੀ 21 ਮਈ ਨੂੰ ਉਨ੍ਹਾਂ ਨੇ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੂੰ ਭੰਗ ਕਰ ਦਿੱਤਾ ਸੀ। ਕੋਰਟ ਨੇ ਸੰਸਦ ਨੂੰ ਬਹਾਲ ਕਰਨ ਦੇ ਨਾਲ ਹੀ ਵਿਰੋਧੀ ਨੇਤਾ ਦੇਉਬਾ ਨੂੰ ਮੰਗਲਵਾਰ ਤਕ ਪ੍ਰਧਾਨ ਮੰਤਰੀ ਨਿਯੁਕਤ ਕਰਨ ਦਾ ਹੁਕਮ ਦਿੱਤਾ ਸੀ। ਰਾਸ਼ਟਰਪਤੀ ਭੰਡਾਰੀ ਦੇ ਨਿੱਜੀ ਸਕੱਤਰ ਭੇਸ਼ ਰਾਜ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਬਉੱਚ ਅਦਾਲਤ ਦੇ ਹੁਕਮ ਤਹਿਤ ਰਾਸ਼ਟਰਪਤੀ ਨੇ ਦੇਉਬਾ ਨੂੰ ਰਾਸ਼ਟਰਪਤੀ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਸ਼ਾਮ ਨੂੰ ਇਸ ਅਹੁਦੇ ਦੀ ਸਹੁੰ ਚੁਕਾਈ ਗਈ।

75 ਸਾਲਾ ਦੇਉਬਾ ਨੂੰ ਸੰਵਿਧਾਨ ਦੀਆਂ ਮੱਦਾਂ ਤਹਿਤ ਸੰਸਦ 'ਚ 30 ਦਿਨਾਂ ਦੇ ਅੰਦਰ ਭਰੋਸੇ ਦੀ ਵੋਟ ਹਾਸਲ ਕਰਨੀ ਪਵੇਗੀ। ਸੁਪਰੀਮ ਕੋਰਟ ਦੇ ਚੀਫ ਜਸਟਿਸ ਚੋਲੇਂਦਰ ਸ਼ਮਸ਼ੇਰ ਰਾਣਾ ਦੀ ਪ੍ਰਧਾਨਗੀ ਵਾਲੇ ਪੰਜ ਮੈਂਬਰੀ ਸੰਵਿਧਾਨ ਬੈਂਚ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਸੀ ਕਿ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਸਿਫ਼ਾਰਸ਼ 'ਤੇ ਰਾਸ਼ਟਰਪਤੀ ਭੰਡਾਰੀ ਦਾ ਹੇਠਲੇ ਸਦਨ ਨੂੰ ਭੰਗ ਕਰਨ ਦਾ ਫ਼ੈਸਲਾ ਗ਼ੈਰ ਸੰਵਿਧਾਨਕ ਸੀ। ਬੈਂਚ ਨੇ 18 ਜੁਲਾਈ ਨੂੰ ਸ਼ਾਮ ਪੰਜ ਵਜੇ ਤਕ ਪ੍ਰਤੀਨਿਧੀ ਸਭਾ ਦਾ ਇਜਲਾਸ ਬੁਲਾਉਣ ਦਾ ਵੀ ਹੁਕਮ ਦਿੱਤਾ ਹੈ।