ਆਮ ਆਦਮੀ ਨੂੰ ਝਟਕਾ : 15 ਰੁਪਏ ਮਹਿੰਗਾ ਹੋ ਸਕਦੈ ਪੈਟਰੋਲ

by jaskamal

ਨਿਊਜ਼ ਡੈਸਕ : ਰੂਸ ਤੇ ਯੂਕਰੇਨ ਦਰਮਿਆਨ ਜਾਰੀ ਜੰਗ ਦਾ ਬੁਰਾ ਅਸਰ ਦਿਖਾਈ ਦੇਣ ਲੱਗਾ ਹੈ। ਇਸ ਕਾਰਨ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਚ ਜ਼ੋਰਦਾਰ ਗਿਰਾਵਟ ਆਈ ਹੈ ਅਤੇ ਦੂਜੇ ਪਾਸੇ ਕੱਚੇ ਤੇਲ ਦਾ ਰੇਟ ਅਸਮਾਨ ’ਤੇ ਪਹੁੰਚ ਗਿਆ ਹੈ। ਅੱਜ ਕੱਚੇ ਤੇਲ ਦੇ ਰੇਟ ’ਚ ਸਾਲ 2008 ਤੋਂ ਬਾਅਦ ਸਭ ਤੋਂ ਵੱਡਾ ਉਛਾਲ ਆਇਆ ਤੇ ਇਸ ਦੀ ਕੀਮਤ 129.50 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈ। ਪੱਛਮੀ ਦੇਸ਼ ਲਗਾਤਾਰ ਰੂਸ ’ਤੇ ਆਪਣੀਆਂ ਪਾਬੰਦੀਆਂ ਤੇਜ਼ ਕਰਦੇ ਆ ਰਹੇ ਹਨ। ਸੰਯੁਕਤ ਰਾਜ ਅਮਰੀਕਾ ਤੇ ਯੂਰਪੀ ਸਹਿਯੋਗੀ ਰੂਸੀ ਤੇਲ ਦੀ ਦਰਾਮਦ ’ਤੇ ਪਾਬੰਦੀ ਲਗਾਉਣ ’ਤੇ ਵਿਚਾਰ ਕਰ ਰਹੇ ਹਨ। ਇਸ ਕਾਰਨ ਬ੍ਰੇਂਟ 139.13 ਡਾਲਰ ਪ੍ਰਤੀ ਬੈਰਲ ਅਤੇ ਡਬਲਯੂਟੀਆਈ 130.50 ਡਾਲਰ ’ਤੇ ਪਹੁੰਚ ਗਿਆ।

ਸੋਮਵਾਰ ਨੂੰ ਤੜਕੇ ਕੱਚੇ ਤੇਲ ਦੀ ਕੀਮਤ ’ਚ ਅਚਾਨਕ 10 ਡਾਲਰ ਦੀ ਤੇਜ਼ੀ ਆ ਗਈ ਅਤੇ ਇਸ ਨੇ 14 ਸਾਲਾਂ ਦੇ ਉੱਚ ਪੱਧਰ ਨੂੰ ਛੋਹ ਲਿਆ। ਜ਼ਿਕਰਯੋਗ ਹੈ ਕਿ ਸਾਲ 2008 ’ਚ ਕੱਚਾ ਤੇਲ 147 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਸੀ। ਕੌਮਾਂਤਰੀ ਪੱਧਰ ’ਤੇ ਨਿਊਯਾਰਕ ’ਚ ਬ੍ਰੇਂਟ ਕਰੂਡ ਦੀ ਕੀਮਤ 10 ਫ਼ੀਸਦੀ ਦੇ ਵਾਧੇ ਨਾਲ 129.50 ਡਾਲਰ ਪ੍ਰਤੀ ਬੈਰਲ ’ਤੇ ਸੀ ਜਦ ਕਿ ਅਮਰੀਕੀ ਕਰੂਡ 8.93 ਫ਼ੀਸਦੀ ਵਧ ਕੇ 126.00 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਸੀ।