ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਹੋਏ ਹੈਰਾਨ ਕਰਨ ਵਾਲੇ ਖੁਲਾਸੇ, ਹੋਸ਼ ਉਡਾਉਣ ਵਾਲੀ ਰਿਪੋਰਟ ਆਈ ਸਾਹਮਣੇ

by nripost

ਚੰਡੀਗੜ੍ਹ (ਰਾਘਵ) : ਨੈਸ਼ਨਲ ਹੈਲਥ ਐਂਡ ਫੈਮਿਲੀ ਸਰਵੇ ਮੁਤਾਬਕ ਚੰਡੀਗੜ੍ਹ 'ਚ 44 ਫ਼ੀਸਦੀ ਔਰਤਾਂ ਅਤੇ 38 ਫ਼ੀਸਦੀ ਮਰਦ ਮੋਟਾਪੇ ਤੋਂ ਪੀੜਤ ਹਨ। ਪੀ. ਜੀ. ਆਈ. ਦੀ ਖੋਜ ਮੁਤਾਬਕ 40 ਫ਼ੀਸਦੀ ਤੋਂ ਜ਼ਿਆਦਾ ਸਕੂਲੀ ਬੱਚੇ ਮੋਟੇ ਹਨ, ਜਿਨ੍ਹਾਂ ’ਚ ਕੁੜੀਆਂ ਦਾ ਭਾਰ ਮੁੰਡਿਆਂ ਨਾਲੋਂ ਜ਼ਿਆਦਾ ਹੈ। ਪੀ. ਜੀ. ਆਈ. ਐਂਡੋਕ੍ਰਾਈਨੋਲੋਜੀ ਅਤੇ ਮੈਟਾਬੋਲਿਜ਼ਮ ਵਿਭਾਗ ਦੇ ਐਸੋਸੀਏਟ ਪ੍ਰੋ. ਡਾ. ਆਸ਼ੂ ਰਸਤੋਗੀ ਦੀ ਮੰਨੀਏ ਤਾਂ ਔਰਤਾਂ 'ਚ ਸ਼ੂਗਰ ਅਤੇ ਮੋਟਾਪੇ ਦਾ ਖ਼ਤਰਾ 1.5 ਗੁਣਾ ਵੱਧ ਹੁੰਦਾ ਹੈ ਕਿਉਂਕਿ ਉਹ ਘਰੇਲੂ ਕੰਮਾਂ ਨੂੰ ਹੀ ਕਸਰਤ ਸਮਝਦੀਆਂ ਹਨ। ਹਾਲਾਂਕਿ ਅਜਿਹਾ ਨਹੀਂ ਹੈ। ਹਫ਼ਤੇ 'ਚ ਕਰੀਬ 150 ਮਿੰਟ ਦੀ ਸਰੀਰਕ ਗਤੀਵਿਧੀ ਜ਼ਰੂਰੀ ਹੈ। ਇੱਕ ਘੰਟੇ 'ਚ 5 ਕਿਲੋਮੀਟਰ ਤੋਂ ਵੱਧ ਪੈਦਲ ਚੱਲਣਾ ਚੰਗੀ ਕਸਰਤ ਹੈ। ਡਾ. ਰਸਤੋਗੀ ਦਾ ਕਹਿਣਾ ਹੈ ਕਿ ਭਾਰ 'ਚ 5 ਤੋਂ 7 ਫ਼ੀਸਦੀ ਦੀ ਕਮੀ ਵੀ ਕਈ ਸਿਹਤ ਸਥਿਤੀਆਂ 'ਚ ਫ਼ਾਇਦੇਮੰਦ ਹੁੰਦੀ ਹੈ। ਮੋਟਾਪਾ ਦਿਮਾਗ ਅਤੇ ਫੇਫੜਿਆਂ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਡਿਮੈਂਸ਼ਿਆ ਦਾ ਕਾਰਨ ਬਣ ਕੇ ਇਕਾਗਰਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅੱਖਾਂ ’ਤੇ ਨੁਕਸਾਨਦੇਹ ਪ੍ਰਭਾਵ ਪਾ ਸਕਦਾ ਹੈ। ਕੋਲੈਸਟਰੋਲ ਵੱਧਣ ਵਰਗੀਆਂ ਦਿਲ ਸਬੰਧੀ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। ਖ਼ਾਸ ਕਰਕੇ ਟਾਈਪ 2 ਸ਼ੂਗਰ ਦਾ ਕਾਰਨ ਬਣ ਸਕਦਾ ਹੈ।

ਨਾ ਸਿਰਫ਼ ਚੰਡੀਗੜ੍ਹ ਸਗੋਂ ਲੈਂਸੇਟ ਦੇ ਨਵੇਂ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਭਾਰਤ ਦੁਨੀਆ ਦਾ ਤੀਜਾ ਅਜਿਹਾ ਦੇਸ਼ ਬਣ ਗਿਆ ਹੈ, ਜਿੱਥੇ ਸਭ ਤੋਂ ਜ਼ਿਆਦਾ ਓਵਰਵੇਟ ਲੋਕ ਰਹਿੰਦੇ ਹਨ। ਔਰਤਾਂ ਅਕਸਰ ਸੋਚਦੀਆਂ ਹਨ ਕਿ ਉਹ ਸਾਰਾ ਦਿਨ ਘਰ 'ਚ ਕੰਮ ਕਰਦੀਆਂ ਹਨ। ਅਜਿਹੀ ਸਥਿਤੀ ’ਚ ਸਰੀਰਕ ਕਸਰਤ ਹੋ ਜਾਂਦੀ ਹੈ। ਉਨ੍ਹਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ, ਪਰ ਮੋਟਾਪਾ ਸਾਇਲੈਂਟ ਬਿਮਾਰੀ ਵਾਂਗ ਹੈ, ਜੋ ਹੌਲੀ-ਹੌਲੀ ਸਰੀਰ ਦੇ ਹਰ ਅੰਗ ਨੂੰ ਪ੍ਰਭਾਵਿਤ ਕਰਦਾ ਹੈ। ਇਸ ਕਾਰਨ ਸ਼ੂਗਰ, ਬਲੱਡ ਪ੍ਰੈਸ਼ਰ, ਲੀਵਰ ਦੀ ਸਮੱਸਿਆ, ਫੈਟੀ ਲਿਵਰ, ਦਿਲ ਅਤੇ ਫੇਫੜਿਆਂ ’ਤੇ ਵੀ ਅਸਰ ਦੇਖਣ ਨੂੰ ਮਿਲਦਾ ਹੈ। ਫੇਫੜਿਆਂ ਦੀ ਕਾਰਜ ਸਮਰੱਥਾ ’ਤੇ ਇਸਦਾ ਅਸਰ ਪੈਂਦਾ ਹੈ। ਅਜਿਹੇ ’ਚ ਹਾਰਟ ਫੇਲੀਅਰ ਦੀ ਸੰਭਾਵਨਾ ਵੀ ਇਨ੍ਹਾਂ ਲੋਕਾਂ ’ਚ ਹੁੰਦੀ ਹੈ।

ਨੈਸ਼ਨਲ ਫੈਮਿਲੀ ਹੈਲਥ ਸਰਵੇ-4 'ਚ ਬੱਚਿਆਂ ਦੀ ਗੱਲ ਕਰੀਏ ਤਾਂ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਮੋਟਾਪਾ 1.9 ਫ਼ੀਸਦੀ ਹੈ। ਡਾਕਟਰਾਂ ਦੀ ਮੰਨੀਏ ਤਾਂ ਇਹੋ ਜੀਵਨ ਸ਼ੈਲੀ ਜਾਰੀ ਰਹੀ ਤਾਂ ਕੁੱਝ ਸਾਲਾਂ ’ਚ ਇਹ ਗਿਣਤੀ ਵੱਧ ਜਾਵੇਗੀ। ਇਸ ਦੇ ਨਾਲ ਹੀ ਗੈਰ ਸੰਚਾਰੀ ਬਿਮਾਰੀਆਂ ਵੀ ਵੱਧਣਗੀਆਂ। ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਮੋਟਾਪਾ ਇਕੱਲਾ ਨਹੀਂ ਹੈ। ਮੋਟਾਪੇ ਨਾਲ ਕਈ ਹੋਰ ਬਿਮਾਰੀਆਂ ਜੁੜੀਆਂ ਹੋਈਆਂ ਹਨ। ਸਾਨੂੰ ਲੱਗਦਾ ਹੈ ਕਿ ਅਸੀਂ ਸਿਹਤਮੰਦ ਅਤੇ ਵਧੀਆ ਖਾ ਰਹੇ ਹਾਂ, ਪਰ ਤੁਹਾਨੂੰ ਪਤਾ ਹੋਵੇਗਾ ਕਿ ਥਾਲੀ ਵਿਚ ਕਿੰਨਾ ਸਿਹਤਮੰਦ ਭੋਜਨ ਹੈ। ਦੂਜਾ ਸਭ ਤੋਂ ਵੱਡਾ ਕਾਰਨ ਸਰੀਰਕ ਗਤੀਵਿਧੀਆਂ ਨਾ ਕਰਨਾ ਹੈ। ਜ਼ਿਆਦਾਤਰ ਲੋਕਾਂ ਕੋਲ ਸੀਟਿੰਗ ਜੌਬ ਹੈ, ਮਤਲਬ ਕਿ ਉਹ ਘੰਟਿਆਂ ਬੱਧੀ ਬੈਠ ਕੇ ਕੰਮ ਕਰਦੇ ਹਨ। ਕੁੱਝ ਦਿਨ ਇਸ ਤਰ੍ਹਾਂ ਕੰਮ ਕਰਨਾ ਠੀਕ ਹੈ, ਪਰ ਲੰਬੇ ਸਮੇਂ ਵਿਚ ਇਸ ਦੇ ਤੁਹਾਡੇ ਸਰੀਰ ’ਤੇ ਕਈ ਮਾੜੇ ਪ੍ਰਭਾਵ ਪੈਂਦੇ ਹਨ, ਖ਼ਾਸ ਕਰਕੇ ਮੋਟਾਪਾ।