ਵਿਕਾਸ ਕਾਰਜਾਂ ਦੇ ਚਲਦਿਆਂ ਲੱਗੇ ਮਲਬੇ ਦੇ ਢੇਰਾਂ ਕਾਰਨ ਆ ਰਹੀਆ ਨੇ ਦੁਕਾਨਦਾਰਾਂ ਨੂੰ ਮੁਸ਼ਕਲਾਂ

by vikramsehajpal

ਬੁਢਲਾਡਾ (ਕਰਨ) : ਸਥਾਨਕ ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦੇ ਚਲਦਿਆਂ ਪਿਛਲੇ ਲੰਬੇ ਸਮੇਂ ਤੋਂ ਬਾਜ਼ਾਰਾਂ ਅਤੇ ਦੁਕਾਨਾਂ ਦੇ ਅੱਗੇ ਮਲਬੇ ਦੇ ਢੇਰ ਲੱਗੇ ਪਏ ਹਨ ਅਤੇ ਗੰਦਗੀ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਹੈ। ਇਸ ਸੰਬੰਧੀ ਅੱਜ ਸਥਾਨਕ ਗਾਰਮੈਂਟਸ ਐਂਡ ਸ਼ੂਜ਼ ਅਤੇ ਜਨਰਲ ਸਟੋਰ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਕੁਮਾਰ ਲੱਕੀ ਨੇ ਕਿਹਾ ਕਿ ਸਥਾਨਕ ਰੇਲਵੇ ਰੋਡ ਦਾ ਵਿਕਾਸ ਕਾਰਜ ਦਾ ਕੰਮ ਪਿਛਲੇ ਲਗਭਗ ਇਕ ਸਾਲ ਤੋਂ ਚੱਲ ਰਿਹਾ ਹੈ ਜਿਸ ਕਾਰਨ ਦੁਕਾਨਾਂ ਅੱਗੇ ਮਲਬੇ ਦੇ ਢੇਰ ਲੱਗੇ ਪਏ ਹਨ ਅਤੇ ਸਫ਼ਾਈ ਦਾ ਬਹੁਤ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਦੁਕਾਨਾਂ ਅੰਦਰ ਆਉਣ ਲਈ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਮਲਬੇ ਦੇ ਢੇਰਾਂ ਕਰ ਕੇ ਟ੍ਰੈਫਿਕ ਸਮੱਸਿਆ ਆ ਰਹੀ ਹੈ।

ਉਨ੍ਹਾਂ ਕਿਹਾ ਕਿ ਜਦੋਂ ਇਹ ਵਿਕਾਸ ਕਾਰਜ ਦਾ ਕੰਮ ਸ਼ੁਰੂ ਹੋਇਆ ਸੀ ਉਸ ਸਮੇ ਇਹ ਕੰਮ ਤਿੰਨ ਚਾਰ ਮਹੀਨਿਆਂ ਵਿਚ ਪੂਰਾ ਕਰ ਦਿੱਤਾ ਜਾਵੇਗਾ ਕਿਹਾ ਗਿਆ ਸੀ ਪਰ ਅਜੇ ਤਕ ਕੰਮ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਠੇਕੇਦਾਰ ਵਲੋਂ ਰੇਲਵੇ ਰੋਡ ਤੇ ਚੱਲ ਰਹੇ ਕੰਮ ਲਈ ਬਹੁਤ ਘੱਟ ਲੇਬਰ ਲਗਾਈ ਹੋਈ ਹੈ ਅਤੇ ਵਾਰ ਵਾਰ ਕਹਿਣ ਤੇ ਵੀ ਠੇਕੇਦਾਰ ਮਲਬੇ ਦੇ ਢੇਰਾਂ ਨੂੰ ਨਹੀਂ ਚੁਕਵਾ ਰਿਹਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਅੰਦਰ ਸਫਾਈ ਕਰਮਚਾਰੀ ਦੀ ਚੱਲ ਰਹੀ ਹੜਤਾਲ ਦੇ ਕਾਰਨ ਥਾਂ ਥਾਂ ਤੇ ਗੰਦਗੀ ਦੇ ਢੇਰ ਲੱਗੇ ਪਏ ਹਨ।

ਜਿਸ ਨਾਲ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ। ਉਨ੍ਹਾਂ ਸਥਾਨਕ ਪ੍ਰਸ਼ਾਸਨ ਨਗਰ ਕੌਂਸਲ ਦੇ ਪ੍ਰਧਾਨ ਤੋਂ ਮੰਗ ਕੀਤੀ ਹੈ ਕਿ ਕੋਰੋਨਾ ਕਰਕੇ ਪਿਛਲੇ ਲੰਬੇ ਸਮੇਂ ਤੋਂ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਦੁਕਾਨਦਾਰਾਂ ਨੂੰ ਇਸ ਮਲਬੇ ਦੇ ਢੇਰਾਂ ਦੀ ਸਮੱਸਿਆ ਤੋਂ ਜਲਦੀ ਨਿਜਾਤ ਦਿਵਾਈ ਜਾਵੇ ਅਤੇ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਜਲਦੀ ਕਰਵਾ ਕੇ ਸ਼ਹਿਰ ਦੀ ਸਫਾਈ ਕਰਵਾਈ ਜਾਵੇ। ਇਸ ਮੌਕੇ ਜਗਮੋਹਨ ਜੌਨੀ, ਪੁਨੀਤ ਗੋਇਲ, ਸਚਿਨ ਕੁਮਾਰ, ਪ੍ਰਿੰਸ ਗਰਗ, ਸੁਖਵਿੰਦਰ ਸਿੰਘ, ਗੋਲਡੀ ਆਦਿ ਹਾਜ਼ਰ ਸਨ।

ਫੋਟੋ ਬੁਢਲਾਡਾ: ਰੇਲਵੇ ਰੋਡ ਤੇ ਲੱਗੇ ਮਲਬੇ ਦੇ ਢੇਰ ਦਿਖਾਉਂਦੇ ਹੋਏ ਐਸੋਸੀਏਸ਼ਨ ਦੇ ਮੈਂਬਰ