ਨਵੀਂ ਦਿੱਲੀ (ਦੇਵ ਇੰਦਰਜੀਤ)- ਗਣਤੰਤਰ ਦਿਵਸ ਮੌਕੇ ਇਸ ਵਾਰ ਦਿੱਲੀ ਵਿਚ ਰਾਜਪਥ ‘ਤੇ ਪੰਜਾਬ ਦੀ ਝਾਕੀ ਜ਼ਰੀਏ ਸਦੀਵੀਂ ਮਾਨਵੀ ਕਦਰਾਂ-ਕੀਮਤਾਂ, ਧਾਰਮਿਕ ਸਹਿ-ਹੋਂਦ ਅਤੇ ਧਰਮ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਦੀ ਖ਼ਾਤਰ ਆਪਣਾ ਮਹਾਨ ਜੀਵਨ ਕੁਰਬਾਨ ਕਰਨ ਵਾਲੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਦ੍ਰਿਸ਼ਮਾਨ ਕੀਤਾ ਗਿਆ।
ਝਾਕੀ ਦੌਰਾਨ ਟਰੈਕਟਰ ਵਾਲੇ ਅਗਲੇ ਹਿੱਸੇ 'ਤੇ ਪਾਵਨ ਪਾਲਕੀ ਸਾਹਿਬ ਸੁਸ਼ੋਭਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜ ਪਿਆਰਿਆਂ ਦੀ ਅਗਵਾਈ ਵਿਚ ਸੰਗਤ ਕੀਰਤਨ ਕਰਦੀ ਦਿਖਾਈ ਦੇ ਰਹੀ ਹੈ। ਝਾਕੀ ਦੇ ਸੱਜੇ-ਖੱਬੇ ਪਾਸੇ ਸਿੱਖਾਂ ਨੇ ਗੱਤਕੇ ਦੇ ਜੌਹਰ ਵੀ ਦਿਖਾਏ। ਆਖ਼ਰੀ ਹਿੱਸੇ ਵਿੱਚ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਨੂੰ ਦਰਸਾਇਆ ਗਿਆ ਹੈ, ਜੋ ਉਸ ਥਾਂ ਉਸਾਰਿਆ ਗਿਆ ਹੈ, ਜਿੱਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ।


