
ਨਵੀਂ ਦਿੱਲੀ (ਰਾਘਵ) : ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਤੇ 3 ਹੋਰ ਯਾਤਰੀਆਂ ਨੂੰ ਲੈ ਕੇ ਐਕਸੀਓਮ-4 ਮਿਸ਼ਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ਲਈ ਰਵਾਨਾ ਹੋ ਗਿਆ ਹੈ। ਇਸ ਮਿਸ਼ਨ ਨੂੰ ਬੁੱਧਵਾਰ ਦੁਪਹਿਰ 12:01 ਵਜੇ ਲਾਂਚ ਕੀਤਾ ਗਿਆ। ਸ਼ੁਭਾਂਸ਼ੂ ਤੋਂ ਇਲਾਵਾ ਇਸ ਮਿਸ਼ਨ 'ਚ ਤਿੰਨ ਹੋਰ ਲੋਕ ਵੀ ਮੌਜੂਦ ਹਨ, ਜੋ 28 ਘੰਟਿਆਂ ਦੀ ਯਾਤਰਾ ਤੋਂ ਬਾਅਦ ਵੀਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 4:30 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਪਹੁੰਚਣਗੇ। ਫਲਾਈਟ ਦੇ ਟੇਕ ਆਫ ਹੁੰਦੇ ਹੀ ਸ਼ੁਭਾਂਸ਼ੂ ਸ਼ੁਕਲਾ ਦਾ ਪਹਿਲਾ ਸੰਦੇਸ਼ ਸਾਹਮਣੇ ਆਇਆ ਹੈ।
ਪੁਲਾੜ ਯਾਨ ਤੋਂ ਪਹਿਲਾ ਸੰਦੇਸ਼ ਭੇਜਦੇ ਹੋਏ ਸ਼ੁਭਾਂਸ਼ੂ ਨੇ ਕਿਹਾ, ਹੈਲੋ ਮੇਰੇ ਪਿਆਰੇ ਦੇਸ਼ ਵਾਸੀਓ, 41 ਸਾਲਾਂ ਬਾਅਦ ਅਸੀਂ ਦੁਬਾਰਾ ਪੁਲਾੜ 'ਚ ਪਹੁੰਚੇ ਹਾਂ। ਇਸ ਸਮੇਂ ਅਸੀਂ 7.5 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਧਰਤੀ ਦੇ ਦੁਆਲੇ ਘੁੰਮ ਰਹੇ ਹਾਂ। ਮੇਰੇ ਮੋਢੇ 'ਤੇ ਤਿਰੰਗਾ ਹੈ, ਜੋ ਮੈਨੂੰ ਦੱਸ ਰਿਹਾ ਹੈ ਕਿ ਮੈਂ ਇਕੱਲਾ ਨਹੀਂ, ਤੁਸੀਂ ਸਾਰੇ ਮੇਰੇ ਨਾਲ ਹੋ।
ਉਸਨੇ ਅੱਗੇ ਕਿਹਾ, “ਇਹ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਦੀ ਮੇਰੀ ਯਾਤਰਾ ਦੀ ਸ਼ੁਰੂਆਤ ਨਹੀਂ ਹੈ, ਇਹ ਭਾਰਤ ਦੇ ਮਨੁੱਖੀ ਪੁਲਾੜ ਪ੍ਰੋਗਰਾਮ ਦੀ ਸ਼ੁਰੂਆਤ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਸ ਯਾਤਰਾ ਦਾ ਹਿੱਸਾ ਬਣੋ। ਤੁਹਾਡੀ ਛਾਤੀ ਵੀ ਮਾਣ ਨਾਲ ਚੌੜੀ ਹੋਣੀ ਚਾਹੀਦੀ ਹੈ। ਆਓ ਅਸੀਂ ਸਾਰੇ ਮਿਲ ਕੇ ਭਾਰਤ ਦੇ ਮਨੁੱਖੀ ਪੁਲਾੜ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਜੈ ਹਿੰਦ! ਜੈ ਭਾਰਤ!