ਸਿੱਧੂ ਤੇ ਟੀਮ ਦੀ 5 ਪਿਆਰਿਆਂ ਦਾ ਪ੍ਰਤੀਕ ਬੋਲ ਬੁਰ ਫਸੇ ਰਾਵਤ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਕਾਂਗਰਸ ਦਾ ਵਿਵਾਦ ਸੁਲਝਾਉਣ ਚੰਡੀਗੜ੍ਹ ਪੁੱਜੇ ਹਰੀਸ਼ ਰਾਵਤ ਖ਼ੁਦ ਇਕ ਵਿਵਾਦ ਵਿਚ ਉਲਝ ਗਏ ਹਨ। ਮੰਗਲਵਾਰ ਨੂੰ ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਅਤੇ 4 ਕਾਰਜਕਾਰੀ ਪ੍ਰਧਾਨਾਂ ਦੀ ਤੁਲਨਾ 5 ਪਿਆਰਿਆਂ ਨਾਲ ਕਰ ਦਿੱਤੀ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਭੌਂਹਾਂ ਤਾਣ ਲਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਹਰੀਸ਼ ਰਾਵਤ ਖ਼ਿਲਾਫ਼ ਤੁਰੰਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਦਰਅਸਲ, ਹਰੀਸ਼ ਰਾਵਤ ਨੇ ਮੰਗਲਵਾਰ ਨੂੰ ਦੇਰ ਸ਼ਾਮ ਪੰਜਾਬ ਕਾਂਗਰਸ ਭਵਨ ਵਿਚ ਨਵਜੋਤ ਸਿੱਧੂ ਅਤੇ ਕਾਰਜਕਾਰੀ ਪ੍ਰਧਾਨਾਂ ਨਾਲ ਗੱਲਬਾਤ ਤੋਂ ਬਾਅਦ ਕਿਹਾ ਕਿ ਬੈਠਕ ਦੌਰਾਨ ਸੰਗਠਨ ’ਤੇ ਚਰਚਾ ਹੋਈ ਕਿਉਂਕਿ ਸੰਗਠਨ ਦਾ ਢਾਂਚਾ ਬਣਨਾ ਹੈ। ਕੰਮ ਤਕਸੀਮ ਹੋਣਾ ਹੈ। ਚੋਣਾਂ ਦੀ ਦਸਤਕ ਨਜ਼ਦੀਕ ਹੈ। ਚੋਣਾਂ ਨੂੰ ਲੈ ਕੇ ਵੀ ਕੁਝ ਕਮੇਟੀਆਂ ਵੀ ਬਣਨੀਆਂ ਹਨ।

ਮੇਰਾ ਫਰਜ਼ ਸੀ ਕਿ ਮੈਂ ਪ੍ਰਧਾਨ ਨਾਲ ਅਤੇ ਉਨ੍ਹਾਂ ਦੀ ਟੀਮ ਨਾਲ, ਜੋ ਸਾਡੇ ਪੰਜ ਪਿਆਰੇ ਹਨ। 5 ਲੋਕ ਹਨ, ਉਨ੍ਹਾਂ ਨਾਲ ਵਿਚਾਰ-ਚਰਚਾ ਕਰਾਂ। ਸਿੱਧੂ ਦਾ ਅਹਿਸਾਨਮੰਦ ਹਾਂ ਕਿ ਉਨ੍ਹਾਂ ਨੇ ਅਗਲੇ 15 ਦਿਨਾਂ ਵਿਚ ਪੂਰੇ ਪ੍ਰੋਸੈੱਸ ਨੂੰ ਗੀਅਰਅਪ ਕਰਨ ਦੀ ਗੱਲ ਕਹੀ ਹੈ।

ਵਿਰੋਧ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਹਰੀਸ਼ ਰਾਵਤ ਨੇ ਕਾਂਗਰਸ ਪਾਰਟੀ ਦੇ ਨੇਤਾਵਾਂ ਨਾਲ ਮੁਲਾਕਾਤ ਤੋਂ ਬਾਅਦ ਇਹ ਕਿਹਾ ਕਿ ਉਨ੍ਹਾਂ ਦੀ 5 ਪਿਆਰਿਆਂ ਦੇ ਨਾਲ ਬੈਠਕ ਹੋਈ ਹੈ। ਸਿੱਖ ਧਰਮ ਵਿਚ 5 ਪਿਆਰਿਆਂ ਦਾ ਬਹੁਤ ਵੱਡਾ ਰੁਤਬਾ ਹੈ। ਗੁਰੂ ਮਹਾਰਾਜ ਨੇ ਸਿਰ ਲੈ ਕੇ 5 ਪਿਆਰਿਆਂ ਦੀ ਉਪਾਧੀ ਦਿੱਤੀ ਸੀ।

ਇਸ ਲਈ ਹਰੀਸ਼ ਰਾਵਤ ਨੂੰ ਬੇਨਤੀ ਹੈ ਕਿ ਇਹ ਕੋਈ ਮਜ਼ਾਕ ਦੀ ਗੱਲ ਨਹੀਂ ਹੈ। ਨੇਤਾਵਾਂ ਨੂੰ ਖ਼ੁਸ਼ ਕਰਨ ਲਈ ਇਸ ਤਰ੍ਹਾਂ ਦੇ ਤਖਲੁਸ ਦਾ ਇਸਤੇਮਾਲ ਕਰਨਾ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਹੈ। ਹਰੀਸ਼ ਰਾਵਤ ਨੂੰ ਤੁਰੰਤ ਇਹ ਲਫ਼ਜ਼ ਵਾਪਸ ਲੈਣੇ ਚਾਹੀਦੇ ਹਨ ਅਤੇ ਸਾਰੀ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

ਪਹਿਲਾਂ ਪੰਜਾਬ ਕਾਂਗਰਸ ਵਿਚ ਦੂਜੇ ਪੜਾਅ ਦੇ ਘਮਾਸਾਨ ਨੂੰ ਨਜਿੱਠਣ ਲਈ ਮੰਗਲਵਾਰ ਦੁਪਹਿਰ ਬਾਅਦ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਚੰਡੀਗੜ੍ਹ ਪੁੱਜੇ। ਪੰਜਾਬ ਭਵਨ ਪੁੱਜਦੇ ਹੀ ਹਰੀਸ਼ ਰਾਵਤ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਕਾਂਗਰਸ ਵਿਚ ਜੋ ਵੀ ਥੋੜ੍ਹਾ-ਬਹੁਤ ਵਿਵਾਦ ਹੈ, ਉਸ ਨੂੰ ਹੱਲ ਕਰਾਂਗਾ। ਕੈਪਟਨ ਕੈਂਪ ਅਤੇ ਸਿੱਧੂ ਕੈਂਪ ਵਿਚ ਵੰਡੀ ਪੰਜਾਬ ਕਾਂਗਰਸ ਦੀ ਧੜੇਬਾਜ਼ੀ ’ਤੇ ਹਰੀਸ਼ ਰਾਵਤ ਨੇ ਕਿਹਾ ਕਿ ਉਹ ਸਿਰਫ਼ ਇਕ ਹੀ ਕੈਂਪ ਨੂੰ ਜਾਣਦੇ ਹੈ ਅਤੇ ਉਹ ਕਾਂਗਰਸ ਕੈਂਪ ਹੈ।

ਹਰੀਸ਼ ਰਾਵਤ ਨੇ ਕਾਂਗਰਸ ਦੇ ਉਨ੍ਹਾਂ ਨੇਤਾਵਾਂ ਦੇ ਬਿਆਨ ’ਤੇ ਵੀ ਪ੍ਰਤੀਕਿਰਿਆ ਦਿੱਤੀ, ਜੋ ਹਰੀਸ਼ ਰਾਵਤ ਨੂੰ ਬਿਆਨਬਾਜ਼ੀ ਤੋਂ ਗੁਰੇਜ ਕਰਨ ਦੀ ਸਲਾਹ ਦੇ ਰਹੇ ਹਨ। ਰਾਵਤ ਨੇ ਕਿਹਾ ਕਿ ਉਹ ਸਭ ਦੀ ਸਲਾਹ ਮੰਨ ਲੈਣਗੇ ਪਰ ਉਨ੍ਹਾਂ ਦੀ ਵੀ ਇਕ ਸਲਾਹ ਹੈ ਕਿ ਜੋ ਵੀ ਨੇਤਾ ਗੱਲ ਕਰਨ, ਉਹ ਜਨਤਕ ਬਿਆਨਬਾਜ਼ੀ ਦੀ ਬਜਾਏ ਸਿੱਧੇ ਪਾਰਟੀ ਪਲੇਟਫਾਰਮ ’ਤੇ ਕਰਨ। ਰਾਵਤ ਨੇ ਕਿਹਾ ਕਿ ਉਹ ਚੰਡੀਗੜ੍ਹ ਵਿਚ ਅਗਲੇ ਦੋ ਦਿਨਾਂ ਤੱਕ ਹਨ, ਜੋ ਕੋਈ ਗੱਲ ਕਹਿਣਾ ਚਾਹੁੰਦਾ ਹੈ, ਉਹ ਕਹਿ ਸਕਦਾ ਹੈ ਅਤੇ ਜੇਕਰ ਕਿਸੇ ਨੇ ਉਨ੍ਹਾਂ ਨੂੰ ਗੱਲ ਨਹੀਂ ਕਹਿਣੀ ਹੈ ਤਾਂ ਦਿੱਲੀ ਵਿਚ ਹਾਈਕਮਾਨ ਨਾਲ ਗੱਲ ਕਰ ਸਕਦੇ ਹਨ।

ਰਾਵਤ ਨੇ ਸਿੱਧੂ ਦੇ ਇੱਟ ਨਾਲ ਇੱਟ ਵਜਾਉਣ ਵਾਲੇ ਬਿਆਨ ’ਤੇ ਕਿਹਾ ਕਿ ਸਿੱਧੂ ਦੇ ਬਿਆਨ ਨੂੰ ਉਨ੍ਹਾਂ ਨੇ ਸਿਰਫ਼ ਵਿਰੋਧੀਆਂ ਦੀ ‘ਇੱਟ ਨਾਲ ਇੱਟ’ ਵਜਾਉਣ ਵਾਲੇ ਅੰਦਾਜ਼ ਦੇ ਤੌਰ ’ਤੇ ਸਮਝਿਆ ਹੈ। ਰਾਵਤ ਨੇ ਕਿਹਾ ਕਿ ਇਹ ਕਹਿਣਾ ਕਿ ਕਾਂਗਰਸ ਵਿਚ ਧੜੇਬਾਜ਼ੀ ਹੈ, ਗਲਤ ਹੈ, ਪੰਜਾਬ ਵਿਚ ਕਾਂਗਰਸ ਪੂਰੀ ਤਰ੍ਹਾਂ ਇਕਜੁਟ ਹੈ।

ਮੈਂ ਛੇਤੀ ਹੀ ਸਾਰੇ ਪੱਖਾਂ ਨਾਲ ਮੁਲਾਕਾਤ ਕਰਕੇ ਸਾਰਿਆਂ ਦੀ ਗੱਲ ਸੁਣ ਲਵਾਂਗਾ ਅਤੇ ਸਾਰਿਆਂ ਦੀ ਰਾਏ ਵੀ ਜਾਣਾਗਾ। ਹਰ ਪਰਿਵਾਰ ਵਿਚ ਕਦੇ ਨਾ ਕਦੇ ਕੁੱਝ ਮਤਭੇਦ ਹੋ ਜਾਂਦੇ ਹਨ, ਜਿਨ੍ਹਾਂ ਨੂੰ ਆਪਸ ਵਿਚ ਮਿਲ ਬੈਠ ਕੇ ਸੁਲਝਾ ਲਿਆ ਜਾਂਦਾ ਹੈ। ਅਜਿਹਾ ਹੀ ਹੁਣ ਵੀ ਹੋਵੇਗਾ, ਇਸ ਲਈ ਮੈਂ ਇੱਥੇ ਆ ਗਿਆ ਹਾਂ।

ਨਵਜੋਤ ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਹਰੀਸ਼ ਰਾਵਤ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ। ਹਾਲਾਂਕਿ ਇਹ ਮੁਲਾਕਾਤ ਕਿੰਨੇ ਵਜੇ ਹੋਵੇਗੀ, ਇਸ ਦੀ ਕੋਈ ਸੂਚਨਾ ਨਹੀਂ ਦਿੱਤੀ ਗਈ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਬੁੱਧਵਾਰ ਸਵੇਰੇ ਉਹ ਮੁੱਖ ਮੰਤਰੀ ਦੇ ਰੁਝੇਵਿਆਂ ਦੇ ਵਿਚ ਕੁਝ ਸਮੇਂ ਲਈ ਮੁਲਾਕਾਤ ਕਰਨਗੇ।