ਸਿੱਧੂ ਭੰਡਾਂ ਵਾਂਗ ਸਟੇਜਾਂ ’ਤੇ ਕਮੇਡੀ ਕਰਨ ਦੀ ਬਜਾਏ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ : ਬਿਕਰਮ ਮਜੀਠੀਆ

by vikramsehajpal

ਅੰਮ੍ਰਿਤਸਰ (ਦੇਵ ਇੰਦਰਜੀਤ) : ਨਵਜੋਤ ਸਿੰਘ ਸਿੱਧੂ ਭੰਡਾਂ ਵਾਂਗ ਸਟੇਜਾਂ ’ਤੇ ਕਮੇਡੀ ਕਰਨ ਦੀ ਬਜਾਏ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵੱਲ ਧਿਆਨ ਦੇਵੇ ਕਿਉਂਕਿ ਕਾਂਗਰਸ ਸਰਕਾਰ ਦੇ ਜਾਣ ’ਚ ਹੁਣ ਥੋੜ੍ਹਾ ਹੀ ਸਮਾਂ ਬਾਕੀ ਰਹਿ ਗਿਆ ਹੈ। ਇਹ ਵਿਚਾਰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਹਲਕਾ ਮਜੀਠਾ ਅਧੀਨ ਪੈਂਦੇ ਪਿੰਡ ਥਰੀਏਵਾਲ ਦੇ ਵੱਡੀ ਗਿਣਤੀ ’ਚ ਕਾਂਗਰਸੀ ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਕਰਦਿਆਂ ਪ੍ਰਗਟਾਏ।

ਉਨ੍ਹਾਂ ਕਿਹਾ ਕਿ ਸਿੱਧੂ ਦਾ ਦਿਮਾਗੀ ਸੰਤੁਲਨ ਵਿਗੜਿਆ ਹੋਇਆ ਲੱਗਦਾ ਹੈ। ਜਿਹੜਾ ਕਹਿੰਦਾ ਫਿਰ ਰਿਹਾ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਨ ’ਤੇ ਲੋਕਾਂ ਨੂੰ 3 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇਗੀ। ਉਸ ਨੂੰ ਕੋਈ ਸਮਝਾ ਦਿਓ ਕਿ ਹੁਣ ਵੀ ਸੂਬੇ ’ਚ ਕਾਂਗਰਸ ਪਾਰਟੀ ਦੀ ਹੀ ਸਰਕਾਰ ਹੈ ਜਿਸ ਦਾ ਤੂੰ ਪੰਜਾਬ ਪ੍ਰਧਾਨ ਹੈ ਅਤੇ ਜੇਕਰ ਤੂੰ ਹੁਣ ਨਹੀਂ ਲੋਕਾਂ ਨੂੰ ਸਸਤੀ ਬਿਜਲੀ ਦੇ ਸਕਦਾ ਤਾਂ ਬਾਅਦ ’ਚ ਕਿਹੜਾ ਤੈਨੂੰ ਅਲਾਦੀਨ ਦੀ ਚਿਰਾਗ ਮਿੱਲ ਜਾਣਾ ਹੈ।

ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਵਾਂਗ ਚੋਣਾਂ ਤੋਂ ਪਹਿਲਾਂ ਹੱਥ ’ਚ ਗੁਟਕਾ ਸਾਹਿਬ ਫੜ ਕੇ ਚਾਰ ਹਫਤਿਆਂ ’ਚ ਨਸ਼ਾ ਖ਼ਤਮ ਕਰਨ, ਕਿਸਾਨਾਂ ਦੇ ਸਾਰੇ ਕਰਜ਼ ’ਤੇ ਲਕੀਰ ਫੇਰਨ, ਹਰ ਘਰ ਸਰਕਾਰੀ ਨੌਕਰੀ ਦੇਣ ਸਮੇਤ ਪਤਾ ਨਹੀਂ ਹੋਰ ਕਿੰਨੇ ਕੁ ਵਾਅਦੇ ਕੀਤੇ ਸਨ ਜਿਨ੍ਹਾਂ ’ਚੋਂ ਉਸ ਨੇ ਅੱਜ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਹੁਣ ਸਿੱਧੂ ਫਿਰ ਕੈਪਟਨ ਵਾਂਗ ਲੋਕਾਂ ਨੂੰ ਝੂਠੇ ਸਬਜਬਾਗ ਦਿਖਾ ਕੇ ਭਰਮਾਉਣਾ ਚਾਹੁੰਦਾ ਹੈ।

ਮਜੀਠੀਆ ਨੇ ਕਿਹਾ ਕਿ ਇਸ ਵਾਰ ਸੂਝਵਾਨ ਲੋਕ ਕੈਪਟਨ ਤੇ ਸਿੱਧੂ ਦੀਆਂ ਮੋਮੋਠੱਗਣੀਆ ਗੱਲਾਂ ’ਚ ਆਉਣ ਵਾਲੇ ਨਹੀਂ ਹਨ। ਇਸ ਮੋਕੇ ’ਤੇ ਮਜੀਠੀਆ ਨੇ ਕਾਂਗਰਸ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਪਾਰਟੀ ’ਚ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ ਵੀ ਦਿਵਾਇਆ।