ਚੰਨੀ ਨੂੰ ਮੁੱਖ ਮੰਤਰੀ ਬਣਾਉਣ ਚ ਸਿੱਧੂ ਦਾ ਅਹਿਮ ਰੋਲ ਦਲਿਤ ਵੋਟਬੈਂਕ ਇਕ ਕਾਰਨ

ਚੰਨੀ ਨੂੰ ਮੁੱਖ ਮੰਤਰੀ ਬਣਾਉਣ ਚ ਸਿੱਧੂ ਦਾ ਅਹਿਮ ਰੋਲ ਦਲਿਤ ਵੋਟਬੈਂਕ ਇਕ ਕਾਰਨ

ਚੰਡੀਗੜ੍ਹ (ਦੇਵ ਇੰਦਰਜੀਤ) : ਚਰਨਜੀਤ ਸਿੰਘ ਦਾ ਬਤੌਰ ਪੰਜਾਬ ਦੇ ਮੁੱਖ ਮੰਤਰੀ ਐਲਾਨ ਕਰਨ ਵਿਚ ਕਾਂਗਰਸ ਹਾਈਕਮਾਨ ਨੂੰ ਕਾਫੀ ਕਸਰਤ ਕਰਨੀ ਪਈ ਹੈ। ਇਸ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਕੈ. ਅਮਰਿੰਦਰ ਸਿੰਘ ਵਲੋਂ ਅਸਤੀਫਾ ਦੇਣ ਤੋਂ ਬਾਅਦ ਚੰਨੀ ਦੇ ਨਾਂ ’ਤੇ ਮੋਹਰ ਲਗਾਉਣ ਵਿਚ ਹਾਈਕਮਾਨ ਨੂੰ ਠੀਕ 25 ਘੰਟੇ ਲੱਗੇ। ਇਸ ਦੌਰਾਨ ਦਿੱਲੀ ਅਤੇ ਚੰਡੀਗੜ੍ਹ ਵਿਚ ਬੈਠਕਾਂ ਦਾ ਦੌਰ ਜਾਰੀ ਰਿਹਾ।

ਸ਼ਨੀਵਾਰ ਨੂੰ ਅਮਰਿੰਦਰ ਦੇ ਅਸਤੀਫੇ ਤੋਂ ਬਾਅਦ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਸੀ ਪਰ ਐਤਵਾਰ ਸਵੇਰ ਦੀ ਸ਼ੁਰੂਆਤ ਅਚਾਨਕ ਅੰਬਿਕਾ ਸੋਨੀ ਦੇ ਨਾਂ ’ਤੇ ਹਾਈਕਮਾਨ ਦੀ ਮੋਹਰ ਅਤੇ ਸੋਨੀ ਦੇ ਇਨਕਾਰ ਨਾਲ ਹੋਈ।

ਦੁਪਹਿਰ ਹੁੰਦੇ-ਹੁੰਦੇ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮੰਤਰੀ ਅਹੁਦੇ ਦੇ ਵੱਡੇ ਦਾਅਵੇਦਾਰ ਦੇ ਰੂਪ ਵਿਚ ਉਭਰੇ, ਜਦੋਂ ਪਾਰਟੀ ਦੇ ਹੀ ਕੁਝ ਵਿਧਾਇਕਾਂ ਨੇ ਰੰਧਾਵਾ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਕਹੀ ਪਰ ਹਾਈਕਮਾਨ ਦਾ ਫੈਸਲਾ ਪੂਰੀ ਤਰ੍ਹਾਂ ਨਾਲ ਹੈਰਾਨ ਕਰਨ ਵਾਲਾ ਰਿਹਾ।