ਚੰਡੀਗੜ : ਪੰਜਾਬ ਕਾਂਗਰਸ 'ਚ ਇਕ ਵਾਰ ਫੇਰ ਘੁਸਰ-ਮੁਸਰ ਵਾਲਾ ਮਾਹੌਲ ਬਣ ਗਿਆ ਹੈ। ਦੇਰ ਨਾਲ ਹੀ ਸਹੀ ਮੁੱਖ ਮੰਤਰੀ ਨੇ ਪੂਰੇ ਪੰਜ ਦਿਨਾਂ ਦੇ ਵਿਵਾਦ ਤੋਂ ਬਾਅਦ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਕਰਨ ਤੋਂ ਬਾਅਦ ਰਾਜਪਾਲ ਵੀਪੀ ਬਦਨੌਰ ਨੂੰ ਭੇਜਿਆ ਤਾਂ ਉਨ੍ਹਾਂ ਵੀ ਉਸ ਉੱਤੇ ਮਨਜ਼ੂਰੀ ਦੀ ਮੋਹਰ ਲਗਾ ਦਿੱਤੀ।
ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੇ ਸ਼ੁਰੂ 'ਚ ਦਿੱਲੀ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਜਦੋਂ ਉਹ ਚੰਡੀਗੜ੍ਹ ਪਹੁੰਚਣਗੇ ਤਾਂ ਪੱਤਰ ਦੇ ਵਿਸ਼ਲੇਸ਼ਣ ਤੋਂ ਬਾਅਦ ਸਿੱਧੂ ਦੇ ਅਸਤੀਫ਼ੇ ਬਾਰੇ ਫੈਸਲਾ ਕਰਨਗੇ। ਅੱਜ ਮੁੱਖ ਮੰਤਰੀ ਚੰਡੀਗੜ੍ਹ ਚਲੇ ਗਏ ਤਾਂ ਮੰਨਿਆ ਜਾ ਰਿਹਾ ਸੀ ਗੱਲ ਇਕ ਪਾਸੇ ਲੱਗ ਜਾਵੇਗੀ।
ਪਤਾ ਚੱਲਿਆ ਹੈ ਕਿ ਕਾਂਗਰਸ ਦੇ ਪ੍ਰਮੁੱਖ ਆਗੂਆਂ ਨੇ ਸਿੰਘ ਅਤੇ ਸਿੱਧੂ ਦਰਮਿਆਨ ਮੁੱਦਿਆਂ ਨੂੰ ਸੁਲਝਾਉਣ ਲਈ ਮਾਮਲੇ 'ਚ ਦਖ਼ਲ ਦਿੱਤਾ ਪਰ ਸਿੱਧੂ ਪੁਰਾਣੇ ਵਿਭਾਗ 'ਤੇ ਅੜੇ ਹੋਏ ਸਨ ਜਦਕਿ ਕੈਪਟਨ ਟੱਸ ਤੋਂ ਮੱਸ ਨਾ ਹੋਏ। ਪਾਰਟੀ ਤੋਂ ਹਾਲੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ। ਨਵਜੋਤ ਸਿੰਘ ਸਿੱਧੂ ਜੋ ਕੈਪਟਨ ਅਮਰਿੰਦਰ ਨਾਲ ਕੋਲਡ ਵਾਰ ਕਰਦੇ ਰਹੇ ਹਨ ਅਤੇ ਜੂਨ ਵਿਚ ਮੰਤਰੀ ਮੰਡਲ 'ਚ ਫੇਰਬਦਲ ਤੋਂ ਨਾਰਾਜ਼ ਸਨ, ਨੇ ਲੰਘੇ ਸੋਮਵਾਰ ਨੂੰ ਕੈਬਨਿਟ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਸੀ।



