ਚੰਡੀਗਡ਼੍ਹ (ਨੇਹਾ): ਪੰਜਾਬ ਅਤੇ ਹਰਿਆਣਾ ਸਣੇ ਪੂਰੇ ਉੱਤਰੀ ਭਾਰਤ ਵਿੱਚ ਸਾਲ ਦੇ ਆਖ਼ਰੀ ਦਿਨ ਸੰਘਣੀ ਧੁੰਦ ਅਤੇ ਸੀਤ ਲਹਿਰ ਨੇ ਲੋਕਾਂ ਦੇ ਕੜਾਕੇ ਕੱਢ ਕੇ ਰੱਖ ਦਿੱਤੇ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਅੱਜ ਦਿਨ ਸਮੇਂ ਧੁੱਪ ਨਹੀਂ ਨਿਕਲੀ। ਮੌਸਮ ਵਿਭਾਗ ਅਨੁਸਾਰ ਅੱਜ ਦਿਨ ਸਮੇਂ ਅੰਮ੍ਰਿਤਸਰ ਅਤੇ ਰਾਤ ਸਮੇਂ ਗੁਰਦਾਸਪੁਰ ਸ਼ਹਿਰ ਸਭ ਤੋਂ ਠੰਢੇ ਰਹੇ। ਅੰਮ੍ਰਿਤਸਰ ਵਿੱਚ ਤਾਪਮਾਨ 12.4 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 5.7 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਇਸੇ ਤਰ੍ਹਾਂ ਗੁਰਦਾਸਪੁਰ ਵਿੱਚ ਘੱਟ ਤੋਂ ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਦਰਜ ਹੋਇਆ। ਮੌਸਮ ਵਿਗਿਆਨੀਆਂ ਨੇ ਨਵੇਂ ਸਾਲ ਦੀ ਆਮਦ ’ਤੇ 1 ਜਨਵਰੀ ਨੂੰ ਸੂਬੇ ਵਿੱਚ ਕਈ ਥਾਵਾਂ ’ਤੇ ਹਲਕਾ ਮੀਂਹ ਪੈਣ ਅਤੇ ਜ਼ਿਆਦਾਤਰ ਥਾਵਾਂ ’ਤੇ ਸੰਘਣੀ ਧੁੰਦ ਤੇ ਸੀਤ ਲਹਿਰ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਤਿੰਨ ਜਨਵਰੀ ਤੱਕ ਔਰੇਂਜ ਅਤੇ 4 ਤੋਂ 6 ਜਨਵਰੀ ਤੱਕ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਸੂਬੇ ਵਿੱਚ ਸਵੇਰ ਤੋਂ ਚੱਲ ਰਹੀਆਂ ਠੰਢੀਆਂ ਹਵਾਵਾਂ ਨੇ ਆਮ ਜਨ-ਜੀਵਨ ਲੀਹੋਂ ਲਾਹ ਦਿੱਤਾ। ਠੰਢ ਕਾਰਨ ਹੋਰ ਦਿਨਾਂ ਦੇ ਮੁਕਾਬਲੇ ਸੜਕਾਂ ’ਤੇ ਵਾਹਨਾਂ ਦੀ ਗਿਣਤੀ ਘੱਟ ਹੀ ਦਿਖਾਈ ਦਿੱਤੀ। ਉਂਝ ਨਵੇਂ ਸਾਲ ਦੇ ਜਸ਼ਨਾਂ ’ਚ ਹਿੱਸਾ ਲੈਣ ਲਈ ਰਾਤ ਸਮੇਂ ਵੱਡੀ ਗਿਣਤੀ ਲੋਕ ਘਰਾਂ ਤੋਂ ਬਾਹਰ ਨਿਕਲ ਆਏੇ। ਠੰਢ ਵਧਣ ਦੇ ਨਾਲ ਹੀ ਪੰਜਾਬ ਵਿੱਚ ਬਿਜਲੀ ਦੀ ਮੰਗ ਵੀ ਵਧ ਗਈ ਹੈ।
ਮੌਸਮ ਵਿਭਾਗ ਮੁਤਾਬਕ ਅੱਜ ਚੰਡੀਗੜ੍ਹ ਵਿੱਚ ਦਿਨ ਸਮੇਂ ਤਾਪਮਾਨ 15.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ ’ਚ 14.6, ਪਟਿਆਲਾ ’ਚ 14.3, ਪਠਾਨਕੋਟ ’ਚ 13.7, ਬਠਿੰਡਾ ’ਚ 14, ਫ਼ਰੀਦਕੋਟ ’ਚ 14.5, ਗੁਰਦਾਸਪੁਰ ’ਚ 13, ਨਵਾਂ ਸ਼ਹਿਰ ’ਚ 14.6, ਹੁਸ਼ਿਆਰਪੁਰ ’ਚ 13.5, ਮਾਨਸਾ ’ਚ 15.1 ਅਤੇ ਰੋਪੜ ਵਿੱਚ 14.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।



